ਗਗਨਦੀਪ ਅਰੋੜਾ
ਲੁਧਿਆਣਾ, 2 ਅਪਰੈਲ
ਇੱਥੋਂ ਦੇ ਲਾਡੋਵਾਲ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਗਾ ਕੇ ਬੈਠੇ ਕਿਸਾਨਾਂ ਵੱਲੋਂ ਅੱਜ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਆਗੂ ਅੱਜ ਲਾਡੋਵਾਲ ਵੱਲੋਂ ਲੁਧਿਆਣਾ ਵਿੱਚ ਪੱਤਰਕਾਰ ਮਿਲਣੀ ਲਈ ਆ ਰਹੇ ਸਨ। ਉਨ੍ਹਾਂ ਦਾ ਕਾਫਲਾ ਜਿਵੇਂ ਹੀ ਲਾਡੋਵਾਲ ਟੌਲ ਪਲਾਜ਼ਾ ’ਤੇ ਪਹੁੰਚਿਆ ਤਾਂ ਉਥੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੀ ਝੰਡੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ਼ਵੇਤ ਮਲਿਕ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਤੁਰੰਤ ਅੱਗੇ ਆ ਕੇ ਭਾਜਪਾ ਆਗੂ ਦੀ ਗੱਡੀ ਉਥੋਂ ਕਢਵਾਈ।
ਧਰਨੇ ’ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਸ਼ਵੇਤ ਮਲਿਕ ਅੱਜ ਲੁਧਿਆਣਾ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਹਨ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਸਣੇ ਟੌਲ ਪਲਾਜ਼ਾ ’ਤੇ ਭਾਜਪਾ ਆਗੂ ਨੂੰ ਕਾਲੇ ਝੰਡੇ ਵਿਖਾਉਣ ਦਾ ਪ੍ਰੋਗਰਾਮ ਉਲੀਕਿਆ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਜਾਣਕਾਰੀ ਅਨੁਸਾਰ ਸ਼ਵੇਤ ਮਲਿਕ ਨੇ ਸਰਕਟ ਹਾਊਸ ਵਿੱਚ ਪੱਤਰਕਾਰ ਮਿਲਣੀ ਕਰਨੀ ਸੀ। ਮਾਹੌਲ ਨੂੰ ਦੇਖਦਿਆਂ ਪੁਲੀਸ ਨੇ ਪਹਿਲਾਂ ਹੀ ਟੌਲ ਪਲਾਜ਼ਾ ਤੇ ਸਰਕਟ ਹਾਊਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਸਨ। ਸਰਕਟ ਹਾਊਸ ਰੋਡ ਚਾਰੇ ਪਾਸਿਓਂ ਸੀਲ ਕਰ ਦਿੱਤੀ ਗਈ ਸੀ।
ਕਿਸਾਨ ਰਾਜਨੀਤੀ ਛੱਡ ਕੇ ਕੇਂਦਰ ਨਾਲ ਗੱਲਬਾਤ ਕਰਨ: ਸ਼ਵੇਤ ਮਲਿਕ
ਇਥੋਂ ਦੇ ਸਰਕਟ ਹਾਊਸ ਵਿੱਚ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਸ਼ਵੇਤ ਮਲਿਕ ਨੇ ਕਿਸਾਨਾਂ ਨੂੰ ਰਾਜਨੀਤੀ ਛੱਡ ਕੇ ਖੁੱਲ੍ਹੇ ਮਨ ਨਾਲ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਰਾਹੀਂ ਹੀ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ। ਸਰਕਾਰ ਹਰ ਤਰ੍ਹਾਂ ਦੇ ਹੱਲ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਮੁੱਦੇ ’ਤੇ ਸੂਬੇ ਦੀਆਂ ਕਈ ਸਿਆਸੀ ਪਾਰਟੀਆਂ ਰਾਜਨੀਤਕ ਰੋਟੀਆਂ ਸੇਕ ਰਹੀਆਂ ਹਨ, ਜਿਨ੍ਹਾਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹ ਅੱਜ ਲੁਧਿਆਣਾ ’ਚ ਕੈਪਟਨ ਸਰਕਾਰ ਦੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦੇ ਮੁੱਦੇ ’ਤੇ ਗੱਲਬਾਤ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਕੈਪਟਨ ਸਰਕਾਰ ਵੱਲੋਂ ਗਿਣਾਈਆਂ ਜਾ ਰਹੀਆਂ ਪ੍ਰਾਪਤੀਆਂ ਨੂੰ ਝੂਠ ਦਾ ਪਿਟਾਰਾ ਕਰਾਰ ਦਿੱਤਾ।