ਮਕਬੂਲ ਅਹਿਮਦ
ਕਾਦੀਆਂ, 12 ਫਰਵਰੀ
ਕਾਦੀਆਂ ਵਿਧਾਨ ਸਭਾ ਹਲਕਾ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਕਾਦੀਆਂ ਸ਼ਹਿਰ ਅਹਿਮਦੀਆ ਮੁਸਲਿਮ ਜਮਾਤ ਦਾ ਹੈੱਡਕੁਆਰਟਰ ਹੈ। ਇੱਥੇ ਅਹਿਮਦੀਆ ਜਮਾਤ ਦੀ ਸਥਾਪਨਾ 23 ਮਾਰਚ 1889 ਨੂੰ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਵੱਲੋਂ ਕੀਤੀ ਗਈ ਸੀ। ਦੁਨੀਆ ਦੇ 210 ਤੋਂ ਵੀ ਵੱਧ ਦੇਸ਼ਾਂ ’ਚ ਇਸ ਜਮਾਤ ਦੇ ਸ਼ਰਧਾਲੂ ਵਸਦੇ ਹਨ। ਕਾਦੀਆਂ ਹਲਕਾ, ਜਿਥੇ ਧਾਰਮਿਕ ਤੌਰ ’ਤੇ ਕਾਫ਼ੀ ਰਸੂਖ਼ ਰੱਖਦਾ ਹੈ, ਉਥੇ ਹੀ ਰਾਜਨੀਤਕ ਤੌਰ ’ਤੇ ਵੀ ਇਸ ਦੀ ਅਹਿਮੀਅਤ ਹੈ। ਕਾਦੀਆਂ ਦੇ ਵਸਨੀਕ ਪ੍ਰਤਾਪ ਸਿੰਘ ਬਾਜਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਜਾਬ ਕੈਬਨਿਟ ’ਚ ਰਹਿ ਚੁੱਕੇ ਹਨ। ਕਾਦੀਆਂ ਹਲਕੇ ਤੋਂ ਮਰਹੂਮ ਸਤਨਾਮ ਸਿੰਘ ਬਾਜਵਾ, ਮਰਹੂਮ ਗੁਰਬਚਨ ਸਿੰਘ ਬਾਜਵਾ ਤੇ ਮਰਹੂਮ ਨੱਥਾ ਸਿੰਘ ਦਾਲਮ ਵੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਹਿਰ ’ਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ, ਪਰ ਉਹ ਮੁਕੰਮਲ ਨਾ ਹੋ ਸਕਿਆ ਤੇ ਹਾਲੇ ਤੱਕ ਅਧੂਰਾ ਪਿਆ ਹੈ। ਮੀਂਹ ਪੈਣ ’ਤੇ ਸ਼ਹਿਰ ਦਾ ਸਾਰਾ ਪਾਣੀ ਸੜਕਾਂ ’ਤੇ ਆ ਜਾਂਦਾ ਹੈ। ਇਹੀ ਹਾਲ ਸਰਕਾਰੀ ਹਸਪਤਾਲ ਦਾ ਹੈ ਜਿਥੇ ਸਹੂਲਤਾਂ ਦੀ ਵੱਡੀ ਘਾਟ ਹੈ। ਮਜਬੂਰਨ ਮਰੀਜ਼ਾਂ ਨੂੰ ਬਟਾਲਾ ਤੇ ਅੰਮ੍ਰਿਤਸਰ ਜਾਣਾ ਪੈਂਦਾ ਹੈ।
ਇਸ ਵਾਰ ਹਲਕੇ ’ਚ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣਾ ਉਮੀਦਵਾਰ ਉਤਾਰਿਆ ਹੈ, ਜਦਕਿ ‘ਆਪ’ ਵੱਲੋਂ ਜਗਰੂਪ ਸਿੰਘ ਸੇਖਵਾਂ ਪੁੱਤਰ ਮਰਹੂਮ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਅਕਾਲੀ ਦਲ (ਬਾਦਲ) ਵੱਲੋਂ ਗੁਰਇਕਬਾਲ ਸਿੰਘ ਮਾਹਲ ਪੁੱਤਰ ਜਰਨੈਲ ਸਿੰਘ ਮਾਹਲ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ ਚੋਣ ਲੜ ਰਹੇ ਹਨ। ਫ਼ਤਹਿਜੰਗ ਸਿੰਘ ਬਾਜਵਾ ਕਾਦੀਆਂ ਹਲਕੇ ਦੇ ਮੌਜੂਦਾ ਵਿਧਾਇਕ ਹਨ ਅਤੇ ਕਾਂਗਰਸ ਵੱਲੋਂ ਟਿਕਟ ਨਾ ਮਿਲਣ ’ਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਬਟਾਲਾ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਰਹੇ ਹਨ। ਫ਼ਤਹਿਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਵਾਅਦਾ ਕੀਤਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਕਾਦੀਆਂ ਹਲਕੇ ਦਾ ਰਿਕਾਰਡ ਤੋੜ ਵਿਕਾਸ ਹੋਵੇਗਾ। ਜਗਰੂਪ ਸਿੰਘ ਸੇਖਵਾਂ ਨੇ ਕਿਹਾ ਜੇਕਰ ਕਿ 74 ਸਾਲਾਂ ਦੇ ਰਿਕਾਰਡ ਨੂੰ ਵੇਖਿਆ ਜਾਵੇ ਤਾਂ ਕਾਦੀਆਂ ਦਾ ਵਿਕਾਸ ਕਾਰਜ ਦੋ-ਦੋ ਮੰਤਰੀਆਂ ਦੇ ਹੁੰਦਿਆਂ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਪਿਤਾ ਮਰਹੂਮ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਾਦੀਆਂ ’ਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ। ਉਨ੍ਹਾਂ ਹਲਕਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ‘ਆਪ’ ਦੀ ਸਰਕਾਰ ਆਉਂਦੇ ਹੀ ਸ਼ਹਿਰ ਦੀ ਨੁਹਾਰ ਬਦਲ ਦੇਣਗੇ। ਉਧਰ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਜਦੋਂ ਵੀ ਅਕਾਲੀ ਦਲ (ਬਾਦਲ) ਸੱਤਾ ’ਚ ਆਇਆ ਤਾਂ ਪੰਜਾਬ ਦਾ ਵਿਕਾਸ ਹੋਇਆ। ਉਨ੍ਹਾਂ ਕਾਦੀਆਂ ਦੇ ਵਸਨੀਕਾਂ ਨਾਲ ਵਾਅਦਾ ਕੀਤਾ ਹੈ ਕਿ ਜਿੱਤਣ ਮਗਰੋਂ ਸ਼ਹਿਰ ਨੂੰ ਸੈਲਾਨੀਆਂ ਲਈ ਤਿਆਰ ਕੀਤਾ ਜਾਵੇਗਾ। ਬਾਕੀ ਕਾਦੀਆਂ ਹਲਕੇ ਤੋਂ ਭਾਜਪਾ ਅਤੇ ਕਿਸਾਨ ਮੋਰਚੇ ਵੱਲੋਂ ਵੀ ਉਮੀਦਵਾਰ ਉਤਾਰੇ ਗਏ ਹਨ, ਪਰ ਇਸ ਵਾਰ ਤਿਕੋਣਾ ਮੁਕਾਬਲਾ ਕਾਂਗਰਸ, ‘ਆਪ’ ਅਤੇ ਅਕਾਲੀ ਦਲ (ਬਾਦਲ) ਦਰਮਿਆਨ ਹੋ ਰਿਹਾ ਹੈ।
ਕਾਦੀਆਂ ਦੇ ਵੋਟਰਾਂ ਦੀ ਮੰਗ ਹੈ ਕਿ ਇੱਥੇ ਸੀਵਰੇਜ ਪਵਾਇਆ ਜਾਵੇ, ਮੁਹੱਲਾ ਕਲੀਨਿਕ ਅਤੇ ਸਸਤੀ ਬਿਜਲੀ ਦੀ ਸਹੂਲਤ ਦਿੱਤੀ ਜਾਵੇ। ਮੁਸਲਿਮ ਭਾਈਚਾਰਾ ਚਾਹੁੰਦਾ ਹੈ ਕਿ ਕਾਦੀਆਂ ਨੂੰ ਹੋਲੀ ਸਿਟੀ ਦਾ ਦਰਜਾ ਦਿੱਤਾ ਜਾਵੇ। ਕਾਦੀਆਂ ਨੂੰ ਤਹਿਸੀਲ ਦਾ ਦਰਜਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ।