ਚਰਨਜੀਤ ਭੁੱਲਰ
ਚੰਡੀਗੜ੍ਹ, 25 ਅਗਸਤ
ਪੰਜਾਬ ਵਿਚ ਲੋਕਾਂ ਦੀ ਸਹੂਲਤ ਲਈ ਸਿਹਤ ਕੇਂਦਰ ਤਾਂ ਹਨ ਪਰ ਇਨ੍ਹਾਂ ਵਿਚਲੇ ਕਈ ਕੇਂਦਰਾਂ ਲਈ ਇਮਾਰਤਾਂ ਨਹੀਂ ਹਨ। ਵੱਡੀ ਗਿਣਤੀ ਕੇਂਦਰਾਂ ਵਿਚ ਡਾਕਟਰਾਂ ਤੇ ਦਵਾਈਆਂ ਦੀ ਅਣਹੋਂਦ ਹੈ। ਇਹ ਖੁਲਾਸਾ ‘ਗਾਰਡੀਅਨ ਆਫ਼ ਗਵਰਨੈਂਸ’ (ਖ਼ੁਸ਼ਹਾਲੀ ਦੇ ਰਾਖੇ) ਵੱਲੋਂ ਪੰਜਾਬ ਦੇ ਸਿਹਤ ਕੇਂਦਰਾਂ ਬਾਰੇ ਜੁਲਾਈ 2022 ਨੂੰ ਪੇਸ਼ ਕੀਤੀ ਰਿਪੋਰਟ ਤੋਂ ਹੋਇਆ ਹੈ।
ਦੱਸਣਯੋਗ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਕੇਂਦਰੀ ਤੇ ਸੂਬਾਈ ਸਕੀਮਾਂ ਦੀ ਜ਼ਮੀਨੀ ਸਮੀਖਿਆ ਲਈ ਐਕਸ ਸਰਵਿਸਮੈਨਾਂ ਨੂੰ ਬਤੌਰ ਵਾਲੰਟੀਅਰ ਭਰਤੀ ਕੀਤਾ ਸੀ। ਇਨ੍ਹਾਂ ਵਾਲੰਟੀਅਰਾਂ ਨੇ ਪੰਜਾਬ ਦੇ ਸਿਹਤ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ‘ਆਪ’ ਸਰਕਾਰ ਦੇ ‘ਆਮ ਆਦਮੀ ਕਲੀਨਿਕ’ ਤਾਂ ਹਾਲੇ ਸੱਜਰੇ ਬਣੇ ਹਨ ਪਰ ਮੌਜੂਦਾ ਸਿਹਤ ਕੇਂਦਰ ਸਰਕਾਰ ਦਾ ਵੱਡਾ ਧਿਆਨ ਮੰਗਦੇ ਹਨ। ਇਨ੍ਹਾਂ ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ 33 ਫ਼ੀਸਦੀ ਸਿਹਤ ਕੇਂਦਰਾਂ ਚੋਂ ਦਵਾਈ ਨਾ ਹੋਣ ਕਰਕੇ ਮਰੀਜ਼ ਖ਼ਾਲੀ ਹੱਥ ਮੁੜਦੇ ਹਨ। 31 ਜੁਲਾਈ 2022 ਦੀ ਇਸ ਰਿਪੋਰਟ ਅਨੁਸਾਰ 18 ਨਵੰਬਰ 2020 ਵਿਚ ਸਿਰਫ਼ 25 ਫ਼ੀਸਦੀ ਸਿਹਤ ਕੇਂਦਰਾਂ ’ਚ ਦਵਾਈ ਨਹੀਂ ਸੀ ਜਦੋਂ ਕਿ ਹੁਣ 33 ਫ਼ੀਸਦੀ ਸਿਹਤ ਕੇਂਦਰ ਦਵਾਈ ਤੋਂ ਸੱਖਣੇ ਹਨ। ਨਵੰਬਰ 2020 ਵਿਚ 15 ਫ਼ੀਸਦੀ ਸਿਹਤ ਕੇਂਦਰਾਂ ਵਿਚ ਸਟਾਫ਼ ਤਸੱਲੀਬਖ਼ਸ਼ ਨਹੀਂ ਸੀ ਜਦੋਂ ਕਿ ਹੁਣ 20 ਫ਼ੀਸਦੀ ਕੇਂਦਰਾਂ ’ਚ ਸਟਾਫ਼ ਤਸੱਲੀਬਖ਼ਸ਼ ਨਹੀਂ। ਲੰਘੇ 14 ਮਹੀਨਿਆਂ ਵਿਚ ਸਿਹਤ ਕੇਂਦਰਾਂ ਵਿਚ ਦਵਾਈਆਂ ਦਾ ਬੁਰਾ ਹਾਲ ਹੈ। ਇਨ੍ਹਾਂ ਵਾਲੰਟੀਅਰਾਂ ਵੱਲੋਂ ਪੰਜਾਬ ਦੇ ਹਰ ਤਰ੍ਹਾਂ ਦੇ 4956 ਸਿਹਤ ਕੇਂਦਰਾਂ ਦੀ ਜ਼ਮੀਨੀ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਮੁਤਾਬਿਕ 828 ਸਿਹਤ ਕੇਂਦਰਾਂ ਵਿਚ ਸਟਾਫ਼ ਦੀ ਕਮੀ ਹੈ ਜਦੋਂ ਕਿ 1354 ਸਿਹਤ ਕੇਂਦਰਾਂ ਵਿਚ ਦਵਾਈਆਂ ਦੀ ਕਮੀ ਹੈ। ਇਸੇ ਤਰ੍ਹਾਂ 925 ਸਿਹਤ ਕੇਂਦਰਾਂ ਵਿਚ ਸਫ਼ਾਈ ਦਾ ਮੰਦਾ ਹਾਲ ਹੈ। ‘ਖ਼ੁਸ਼ਹਾਲੀ ਦੇ ਰਾਖੇ’ ਆਪਣੀ ਰਿਪੋਰਟ ’ਚ ਦੱਸਦੇ ਹਨ ਕਿ ਜਲੰਧਰ ਜ਼ਿਲ੍ਹੇ ਦੇ 50 ਸਿਹਤ ਕੇਂਦਰਾਂ ਵਿਚ ਦਵਾਈ ਅਤੇ ਸਫ਼ਾਈ ਦਾ ਹਾਲ ਮੰਦਾ ਹੈ। ਮੁਕਤਸਰ ਜ਼ਿਲ੍ਹੇ ਵਿਚ 50 ਫ਼ੀਸਦੀ ਸਿਹਤ ਕੇਂਦਰਾਂ ਦੀ ਇਮਾਰਤ ਖਸਤਾ ਹਾਲ ਹੈ ਜਦੋਂਕਿ ਅੰਮ੍ਰਿਤਸਰ ਜ਼ਿਲ੍ਹੇ ਦੇ 60 ਸਿਹਤ ਕੇਂਦਰਾਂ ਵਿਚ ਦਵਾਈਆਂ ਦਾ ਮਾੜਾ ਹਾਲ ਹੈ। ਪਟਿਆਲਾ ਜ਼ਿਲ੍ਹੇ ਦੇ 29 ਸਿਹਤ ਕੇਂਦਰਾਂ ਅਤੇ ਲੁਧਿਆਣਾ ਦੇ 50 ਸਿਹਤ ਕੇਂਦਰਾਂ ਵਿਚ ਮਰੀਜ਼ਾਂ ਨੂੰ ਦਵਾਈ ਨਹੀਂ ਮਿਲਦੀ। ਤਰਨਤਾਰਨ ਦੇ 20 ਸਿਹਤ ਕੇਂਦਰਾਂ ’ਚ ਦਵਾਈ ਦੀ ਤੋਟ ਹੈ। ਨਵੀਂ ਸਰਕਾਰ ਨੇ ਸਿਹਤ ਬਜਟ ’ਚ ਵਾਧਾ ਕੀਤਾ ਹੈ ਅਤੇ ਸਿਹਤ ਨੂੰ ਤਰਜੀਹੀ ਏਜੰਡੇ ’ਤੇ ਰੱਖਿਆ ਹੈ। ਸੁਆਲ ਉੱਠੇ ਹਨ ਕਿ ‘ਆਪ’ ਸਰਕਾਰ ਪੁਰਾਣੇ ਸਿਹਤ ਕੇਂਦਰਾਂ ’ਤੇ ਵੀ ਧਿਆਨ ਦੇਵੇਗੀ ਜਾਂ ਫਿਰ ‘ਆਮ ਆਦਮੀ ਕਲੀਨਿਕ’ ਹੀ ਸਰਕਾਰ ਦੇ ਏਜੰਡੇ ’ਤੇ ਰਹਿਣਗੇ। ਮਾਨਸਾ ਦੇ ਪਿੰਡ ਭੱਦਰਪੁਰ ਦਾ ਸਿਹਤ ਕੇਂਦਰ ਸੁਵਿਧਾ ਕੇਂਦਰ ’ਚ ਚੱਲਦਾ ਹੈ ਜਦੋਂ ਕਿ ਰਾਮਪੁਰ ’ਚ ਇਮਾਰਤ ਹੀ ਨਹੀਂ। ਅਤਲਾ ਕਲਾਂ, ਕਿਸ਼ਨਗੜ੍ਹ, ਭੁਪਾਲ ਤੇ ਚਕੇਰੀਆਂ ਦੇ ਸਿਹਤ ਕੇਂਦਰ ਧਰਮਸ਼ਾਲਾ ਵਿਚ ਚੱਲ ਰਹੇ ਹਨ। ਬੁਢਲਾਡਾ ਦਾ ਸਿਹਤ ਕੇਂਦਰ ਪੰਚਾਇਤ ਘਰ ਵਿਚ ਹੈ। ਕਪੂਰਥਲਾ ਦੇ ਪਿੰਡ ਸੰਗਤਪੁਰ ਵਿਚ ਜਦੋਂ ਮੀਂਹ ਆਉਂਦਾ ਹੈ ਤਾਂ ਸਿਹਤ ਕੇਂਦਰ ਦੀ ਪੂਰੀ ਛੱਤ ਚੋਣ ਲੱਗ ਜਾਂਦੀ ਹੈ, ਇੱਥੇ ਗੇਟ ਅਤੇ ਚਾਰਦੀਵਾਰੀ ਦੀ ਅਣਹੋਂਦ ਹੈ। ਪਟਿਆਲਾ ਦੇ ਪਿੰਡ ਖਾਨੇਵਾਲ ਦੇ ਸਿਹਤ ਕੇਂਦਰ ਦੀ ਇਮਾਰਤ ਅਸੁਰੱਖਿਅਤ ਐਲਾਨੀ ਜਾ ਚੁੱਕੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਚੰਦ ਨਵਾਂ ਵਿਚ ਸਿਹਤ ਕੇਂਦਰ ਦੀ ਇਮਾਰਤ ਅਣਸੇਫ ਹੈ। ਮੁਕਤਸਰ ਦੇ ਪਿੰਡ ਅਬੁਲਖੁਰਾਣਾ ਦਾ ਸਬ ਸੈਂਟਰ ਮਾਰਚ 2020 ਤੋਂ ਬੰਦ ਪਿਆ ਹੈ। ਫ਼ਿਰੋਜ਼ਪੁਰ ਦੇ ਪਿੰਡ ਕਾਹਨਪੁਰ, ਮੱਲਵਾਲਾ ਕਾਦਿਮ ਅਤੇ ਫ਼ਿਰੋਜ਼ਸ਼ਾਹ ਦੇ ਸਿਹਤ ਕੇਂਦਰ ਵਿਚ ਨਾ ਦਵਾਈ, ਨਾ ਸਟਾਫ਼ ਅਤੇ ਨਾ ਹੀ ਸਫ਼ਾਈ ਤਸੱਲੀਬਖ਼ਸ਼ ਹੈ। ਹੁਸ਼ਿਆਰਪੁਰ ਦੇ ਪਿੰਡ ਅਰਗੋਵਾਲ ਦੇ ਸਿਹਤ ਕੇਂਦਰ ਦੀ ਇਮਾਰਤ ਅਸੁਰੱਖਿਅਤ ਹੈ ਅਤੇ ਪੰਜ ਵਰ੍ਹਿਆਂ ਤੋਂ ਇਸ ਇਮਾਰਤ ਨੂੰ ਜਿੰਦਰਾ ਲੱਗਾ ਹੋਇਆ ਹੈ। ਹੁਣ ਸਿਹਤ ਕੇਂਦਰ ਪੰਚਾਇਤ ਘਰ ਵਿਚ ਚੱਲ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਆਖਦੇ ਹਨ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਉਨ੍ਹਾਂ ਦੇ ਪਿੰਡਾਂ ਦਾ ਗੇੜਾ ਜ਼ਰੂਰ ਮਾਰਨ। ਉਹ ਗੱਦੇ ਨਹੀਂ, ਸਿਰਫ਼ ਦਵਾਈਆਂ ਤੇ ਸਟਾਫ਼ ਦੀ ਮੰਗ ਕਰਦੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਵਿਚ ਸਿਹਤ ਕੇਂਦਰ ਦੀ ਇਮਾਰਤ ਮੰਦੇ ਹਾਲ ਹੈ। ਜੰਗੀਰਾਣਾ, ਭਾਗੀ ਵਾਂਦਰ ਅਤੇ ਚੱਕ ਰੁਲਦੂ ਸਿੰਘ ਵਾਲਾ ਦੇ ਸਿਹਤ ਕੇਂਦਰ ਵੀ ਸਰਕਾਰ ਦਾ ਧਿਆਨ ਮੰਗਦੇ ਹਨ।
ਸਾਰੀਆਂ ਘਾਟਾਂ ਜਲਦ ਪੂਰੀਆਂ ਕਰਾਂਗੇ: ਸਿਹਤ ਮੰਤਰੀ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਪਰ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਸਿਹਤ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਦਰੁਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਵਾਈ ਤੇ ਡਾਕਟਰਾਂ ਦੀ ਘਾਟ ਜਲਦ ਹੀ ਪੂਰੀ ਹੋ ਜਾਵੇਗੀ। ੳਨ੍ਹਾਂ ਆਖਿਆ ਕਿ ਸਰਕਾਰ ਨੇ ਸਿਹਤ ਬਜਟ ਵਿੱਚ ਵਾਧਾ ਕੀਤਾ ਹੈ ਤਾਂ ਜੋ ਸਮੁੱਚੇ ਸਿਹਤ ਢਾਂਚੇ ਨੂੰ ਠੀਕ ਕੀਤਾ ਜਾ ਸਕੇ
ਉੱਗੋਕੇ ’ਚ ਆਮ ਆਦਮੀ ਕਲੀਨਿਕ ਦੇ ਡਾਕਟਰ ਵੱਲੋਂ ਅਸਤੀਫ਼ਾ
ਸ਼ਹਿਣਾ (ਪੱਤਰ ਪ੍ਰੇਰਕ): ਪਿੰਡ ਉਗੋਕੇ ਵਿਚ ਪੰਜਾਬ ਸਰਕਾਰ ਵੱਲੋਂ 15 ਅਗਸਤ ਤੋਂ ਸ਼ੁਰੂ ਕੀਤੀ ਗਈ ਆਮ ਆਦਮੀ ਕਲੀਨਿਕ ਦੇ ਡਾਕਟਰ ਗੁਰਸਾਗਰਦੀਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਕਲੀਨਿਕ ’ਚ ਸਿਰਫ਼ ਫਾਰਮੇਸੀ ਅਫ਼ਸਰ ਅਤੇ ਸਹਾਇਕ ਹੀ ਰਹਿ ਗਏ ਹਨ। ਪਿੰਡ ਉਗੋਕੇ ਹਲਕਾ ਭਦੌੜ ਤੋਂ ‘ਆਪ’ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਜੱਦੀ ਪਿੰਡ ਵੀ ਹੈ। ਐੱਸਐੱਮਓ ਨਵਜੋਤਪਾਲ ਸਿੰਘ ਭੁੱਲਰ ਨੇ ਡਾਕਟਰ ਵੱਲੋਂ ਦਿੱਤੇ ਗਏ ਅਸਤੀਫੇ ਦੀ ਪੁਸ਼ਟੀ ਕੀਤੀ ਹੈ। ਗੁਰਸਾਗਰਦੀਪ ਸਿੰਘ ਹੱਡੀਆਂ ਦੇ ਮਾਹਿਰ ਡਾਕਟਰ ਸਨ ਪਰ ਆਮ ਆਦਮੀ ਕਲੀਨਿਕ ’ਚ ਲੋਕ ਆਮ ਬਿਮਾਰੀਆਂ ਨਾਲ ਸਬੰਧਤ ਆਉਣ ਕਾਰਨ ਉਹ ਇਲਾਜ ਕਰਨ ਤੋਂ ਅਸਮਰੱਥ ਸਨ। ਇਸੇ ਕਾਰਨ ਉਨ੍ਹਾਂ ਅਸਤੀਫਾ ਦਿੱਤਾ ਹੈ।