ਪਾਲ ਸਿੰਘ ਨੌਲੀ
ਜਲੰਧਰ, 11 ਫਰਵਰੀ
ਜਲੰਧਰ ਦਾ ਉੱਤਰੀ ਵਿਧਾਨ ਸਭਾ ਹਲਕਾ ਸ਼ਹਿਰ ਦੇ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਸ਼ਹਿਰ ਦੇ ਪੁਰਾਣੇ ਮੁਹੱਲੇ ਅਤੇ ਪ੍ਰਾਚੀਨ ਧਾਰਮਿਕ ਅਸਥਾਨ ਇਸੇ ਹਲਕੇ ਵਿੱਚ ਆਉਂਦੇ ਹਨ। ਜਲੰਧਰ ਸ਼ਹਿਰ ਦੀ ਇੰਡਸਟਰੀ ਦਾ ਸਭ ਤੋਂ ਵੱਡਾ ਹਿੱਸਾ ਉੱਤਰੀ ਹਲਕੇ ਵਿੱਚ ਹੀ ਹੈ। ਉੱਤਰੀ ਭਾਰਤ ਦਾ ਪ੍ਰਸਿੱਧ ਮੰਦਰ ਸ੍ਰੀ ਦੇਵੀ ਤਲਾਬ ਇਸ ਹਲਕੇ ਵਿੱਚ ਆਉਂਦਾ ਹੈ, ਜਿਥੇ ਪਿਛਲੇ 145 ਸਾਲਾਂ ਤੋਂ ਲਗਾਤਾਰ ਹਰ ਸਾਲ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਹੁੰਦਾ ਹੈ। ਦੇਸ਼ ਦੀਆਂ ਵੱਡੀਆਂ ਸਬਜ਼ੀ ਮੰਡੀਆਂ ਵਿੱਚੋਂ ਮਕਸੂਦਾਂ ਮੰਡੀ ਹਲਕੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੰਦੀ ਹੈ। ਮਾਈ ਹੀਰਾਂ ਗੇਟ ਜਿਥੇ ਕਿਤਾਬਾਂ ਦਾ ਵੱਡਾ ਕਾਰੋਬਾਰ ਹੈ ਤੇ ਇਸ ਦਾ ਕੌਮੀ ਪੱਧਰ ’ਤੇ ਨਾਂ ਹੈ। ਇਸ ਇਲਾਕੇ ਵਿੱਚ ਦੋ ਫੋਕਲ ਪੁਆਇੰਟ ਆਉਂਦੇ ਹਨ। ਟਰਾਂਸਪੋਰਟ ਨਗਰ ਵੀ ਇਥੇ ਹੀ ਹੈ।
ਉੱਤਰੀ ਵਿਧਾਨ ਸਭਾ ਹਲਕੇ ਨੂੰ ਹਰ ਪਾਸੇ ਤੋਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਸਲੱਮ ਇਲਾਕਿਆਂ ਵਿੱਚ ਲੋਕ ਸਿਹਤ ਸਹੂਲਤਾਂ ਵਾਂਝੇ ਹਨ। ਹਾਲਾਂਕਿ ਇਥੇ ਗੁਲਾਬ ਦੇਵੀ ਹਸਪਤਾਲ ਹੈ, ਜਿਸ ਨੂੰ ਸੁਤੰਤਰਤਾ ਸੈਨਾਨੀ ਲਾਲਾ ਲਾਜਪਤ ਰਾਏ ਨੇ ਬਣਾਇਆ ਸੀ। ਹਲਕੇ ਦੀ ਸਭ ਤੋਂ ਵੱਡੀ ਸ਼ਾਨ ਉੱਤਰੀ ਭਾਰਤ ਦਾ ਪਹਿਲਾ ਕੁੜੀਆਂ ਦਾ ਕਾਲਜ ‘ਕੰਨਿਆ ਮਹਾ ਵਿਦਿਆਲਾ’ ਹੈ, ਜਿਸ ਦੀ ਸਥਾਪਨਾ 1886 ਵਿੱਚ ਲਾਲਾ ਦੇਵ ਰਾਜ ਨੇ ਕੀਤੀ ਸੀ।
ਹਲਕੇ ਦੀ ਨੁਮਾਇੰਦਗੀ ਜ਼ਿਆਦਾਤਰ ਕਾਂਗਰਸ ਕਰਦੀ ਆਈ ਹੈ। 1992 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਅਵਤਾਰ ਹੈਨਰੀ ਸੀਨੀਅਰ ਚੋਣ ਜਿੱਤੇ ਸਨ। 1997 ਵਿੱਚ ਪੰਜਾਬ ’ਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਸੀ ਪਰ ਇਸ ਹਲਕੇ ਤੋਂ ਅਵਤਾਰ ਹੈਨਰੀ ਚੋਣ ਜਿੱਤ ਗਏ ਸਨ। ਸੰਨ 2002 ਦੀਆਂ ਚੋਣਾਂ ’ਚ ਇਕ ਵਾਰ ਫਿਰ ਕਾਂਗਰਸ ਵੱਲੋਂ ਅਵਤਾਰ ਹੈਨਰੀ ਜਿੱਤੇ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਵਿੱਚ ਮੰਤਰੀ ਬਣੇ ਸਨ। ਇੱਥੇ 1992 ਤੋਂ ਲੈ ਕੇ 2007 ਤੱਕ 15 ਸਾਲ ਲਗਾਤਾਰ ਕਾਂਗਰਸ ਦਾ ਇਥੇ ਦਬਦਬਾ ਰਿਹਾ।
ਕਾਂਗਰਸ ਦਾ ਇਹ ਮਜ਼ਬੂਤ ਕਿਲ੍ਹਾ ਭਾਜਪਾ ਦੇ ਕੇਡੀ ਭੰਡਾਰੀ ਨੇ 2007 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਢਹਿ-ਢੇਰੀ ਕੀਤਾ। ਭਾਜਪਾ ਦੇ ਕੌਂਸਲਰ ਤੋਂ ਵਿਧਾਇਕ ਬਣੇ ਕੇਡੀ ਭੰਡਾਰੀ ਮੁੜ 2012 ਦੀਆਂ ਵਿਧਾਨ ਸਭਾ ਚੋਣਾਂ ਜਿੱਤੇ ਸਨ। ਉਹ ਮੁੱਖ ਸੰਸਦੀ ਸਕੱਤਰ ਬਣ ਕੇ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਚੋਣ ਮੈਦਾਨ ’ਚ ਉੱਤੇ ਅਵਤਾਰ ਹੈਨਰੀ ਦੇ ਪੁੱਤਰ ਬਾਵਾ ਹੈਨਰੀ ਨੇ ਤੀਜੀ ਵਾਰ ਚੋਣ ਲੜ ਰਹੇ ਭਾਜਪਾ ਦੇ ਕੇਡੀ ਭੰਡਾਰੀ ਨੂੰ ਵੱਡੇ ਫਰਕ ਨਾਲ ਹਰਾਇਆ ਸੀ।
ਕਾਂਗਰਸੀ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਨੇ ਕਿਹਾ ਕਿ ਉਨ੍ਹਾਂ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ। ਸਟਰੀਟ ਲਾਈਟਾਂ, ਪੀਣ ਵਾਲਾ ਪਾਣੀ, ਫੋਕਲ ਪੁਆਇੰਟ ਦਾ ਵਿਕਾਸ ਅਤੇ ਮੁਹੱਲਿਆਂ ਵਿਚ ਸੀਵਰੇਜ ਤੇ ਇੰਟਰਲਾਕ ਟਾਈਲਾਂ ਲਗਵਾਉਣ ਨੂੰ ਪਹਿਲ ਦਿੱਤੀ।
ਭਾਜਪਾ ਆਗੂ ਕੇਡੀ ਭੰਡਾਰੀ ਨੇ ਕਿਹਾ ਕਿ ਹਲਕੇ ਵਿੱਚ ਇੰਡਸਟਰੀ ਹੋਣ ਕਾਰਨ ਪਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਆ ਕੇ ਇਥੇ ਰਹਿੰਦੇ ਹਨ ਤੇ ਸ਼ਹਿਰ ਦੇ ਸਲੱਮ ਇਲਾਕੇ ’ਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਰੜਕਦੀ ਰਹਿੰਦੀ ਹੈ।
ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦੇਸ ਰਾਜ ਜੱਸਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਹੀ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਰਿਹਾ। ਉੱਤਰੀ ਵਿਧਾਨ ਸਭਾ ਹਲਕੇ ਵਿੱਚ ਅਜਿਹੇ ਕੰਮ ਵੀ ਹੋਏ ਕਿ ਬਿਨਾਂ ਸੜਕ ਬਣਨ ਤੋਂ ਸੜਕ ਦੇ ਪੈਸੇ ਠੇਕੇਦਾਰ ਨੂੰ ਦੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਲਕੇ ’ਚੋਂ ਲੰਘਦੀ ਕਾਲਾ ਸੰਘਿਆ ਡਰੇਨ ਦਾ ਜ਼ਹਿਰੀਲਾ ਪਾਣੀ ਲੋਕਾਂ ਲਈ ਅੱਜ ਵੀ ਮੁਸੀਬਤ ਬਣਿਆ ਹੋਇਆ ਹੈ।
-ਅਵਤਾਰ ਹੈਨਰੀ ਜੂਨੀਅਰ, ਕਾਂਗਰਸ
<!–
<!–
–>
-ਕੇਡੀ ਭੰਡਾਰੀ, ਭਾਜਪਾ
<!–
<!–
–>
-ਦੇਸ ਰਾਜ ਜੱਸਲ, ਸੰਯੁਕਤ ਸਮਾਜ ਮੋਰਚਾ
<!–
<!–
–>