ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਜਨਵਰੀ
ਵਿਧਾਨ ਸਭਾ ਹਲਕਾ ਗਿੱਦੜਬਾਹਾ ਕਿਸੇ ਸਮੇਂ ‘ਪਾਂਚ ਫੋਟੋ ਨਸਵਾਰ’ ਅਤੇ ਗੁਰਦਾਸ ਮਾਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਇਹ ਸਿਆਸੀ ਮਹਾਰਥੀਆਂ ਦੀ ਸੰਘਰਸ਼ ਭੂਮੀ ਬਣ ਗਿਆ ਹੈ। ਇੱਥੋਂ ਪ੍ਰਕਾਸ਼ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਚੋਣਾਂ ਲੜਦੇ ਰਹੇ ਹਨ। ਹੁਣ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ‘ਆਪ’ ਦੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਵਿੱਚ ਗਿੱਦੜਬਾਹਾ ਮੰਡੀ ਸਣੇ 52 ਪਿੰਡ ਹਨ। ਡਾਕਟਰਾਂ ਤੇ ਅਧਿਆਪਕਾਂ ਦੀ ਘਾਟ, ਸਿੰਜਾਈ ਲਈ ਨਹਿਰੀ ਪਾਣੀ, ਰੁਜ਼ਗਾਰ ਵਰਗੀਆਂ ਸਮੱਸਿਆਵਾਂ ਇਸ ਹਲਕੇ ਦੇ ਮੁੱਖ ਮੁੱਦੇ ਹਨ ਪਰ ਸਿਆਸੀ ਧੱਕੇਸ਼ਾਹੀ ਅਤੇ ਪੱਖਪਾਤ ਕਾਰਨ ਆਮ ਲੋਕ ਮੂੰਹ ਨਹੀਂ ਖੋਲ੍ਹਦੇ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੂਜੀ ਵਾਰ ਇੱਥੋਂ ਚੋਣ ਲੜ ਰਹੇ ਹਨ। ਉਨ੍ਹਾਂ ਕੋਲ ਵਿਕਾਸ ਕਾਰਜਾਂ ਦੀ ਵੱਡੀ ਸੂਚੀ ਹੈ। 18 ਕਰੋੜ ਰੁਪਏ ਨਾਲ ਗਿੱਦੜਬਾਹਾ ਵਿੱਚ ਕਾਲਜ, ਸਵਾ ਦੋ ਕਰੋੜ ਨਾਲ ਹਸਪਤਾਲ, 7 ਕਰੋੜ ਨਾਲ ਜ਼ੱਚਾ-ਬੱਚਾ ਤੇ ਆਕਸੀਜਨ ਕੇਂਦਰ, ਦੋ ਕਰੋੜ ਨਾਲ ਕੋਟਭਾਈ ਸਟੇਡੀਅਮ, 21 ਕਰੋੜ ਨਾਲ ਕਚਹਿਰੀਆਂ ਦਾ ਨਵੀਨੀਕਰਨ, 65 ਕਰੋੜ ਰੁਪਏ ਨਾਲ ਸਿੰਜਾਈ ਪਾਈਪਾਂ ਤੋਂ ਇਲਾਵਾ ਕਰੋੜਾਂ ਦੀ ਲਾਗਤ ਨਾਲ ਗਲੀਆਂ ਪੱਕੀਆਂ ਕਰਨ ਅਤੇ ਛੱਪੜਾਂ ਨੂੰ ਝੀਲਾਂ ਦਾ ਰੂਪ ਦੇਣ ਲਈ ਖਰਚੇ। ਸੂਬੇ ਵਿੱਚ 12 ਸਕੂਲ ਅਪਗ੍ਰੇਡ ਹੋਏ, ਜਿਸ ਵਿੱਚੋਂ 8 ਗਿੱਦੜਬਾਹਾ ਦੇ ਹਨ, 88 ਸਕੂਲਾਂ ਦਾ ਨਵ-ਨਿਰਮਾਣ ਕਰਵਾਇਆ। ਸੁਖਨਾ, ਛੱਤੇਆਣਾ, ਬਬਾਨੀਆਂ, ਬੁੱਟਰ ਬਖੂਆ, ਗਿੱਦੜਬਾਹਾ ਦੇ ਛੱਪੜਾਂ ਨੂੰ ਝੀਲਾਂ ਦਾ ਰੂਪ ਦੇ ਕੇ ਕਿਸ਼ਤੀਆਂ ਚਲਾਈਆਂ। ਬੱਸਾਂ ਦੇ 15 ਨਵੇਂ ਰੂਟ ਚਲਾਏ। ਭਾਰਤ ਸਰਕਾਰ ਨੇ ਬੈਸਟ ਜ਼ਿਲ੍ਹਾ ਪਰਿਸ਼ਦ ਹਿੱਤ ਦੀਨ ਦਿਆਲ ਉਪਾਧਿਆਏ ਐਵਾਰਡ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਕੰਮ ਬਾਕੀ ਨਹੀਂ।
ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਬਾਦਲ ਪਰਿਵਾਰ ਦੇ ਨਜ਼ਦੀਕੀ ਹਨ ਤੇ ਵੱਡੇ ਟਰਾਂਸਪੋਰਟਰ ਹਨ। ਉਨ੍ਹਾਂ ਕਿਹਾ ਕਿ ਸਿਰਫ ਇੰਟਰਲਾਕ ਟਾਈਲਾਂ ਦਾ ਕੰਮ ਹੋਇਆ ਹੈ, ਉਹ ਵੀ ਨਰੇਗਾ ਰਾਹੀਂ। ਇੱਕ ਵੀ ਟਿਊਬਵੈੱਲ ਕੁਨੈਕਸ਼ਨ ਨਹੀਂ ਮਿਲਿਆ।
ਮੁਕਤਸਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸ਼ਰਮਾ ‘ਆਪ’ ਦੇ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਸਿੰਜਾਈ ਲਈ ਨਹਿਰੀ ਪਾਣੀ, ਸਿਹਤ ਤੇ ਸਿੱਖਿਆ ਸਾਧਨਾਂ ਦੀ ਘਾਟ ਮੁੱਖ ਸਮੱਸਿਆਵਾਂ ਹਨ। ਹਸਪਤਾਲ ਤੇ ਸਕੂਲ ਹਨ ਪਰ ਡਾਕਟਰ ਤੇ ਮਾਸਟਰ ਨਹੀਂ। ਹੁਣ ਤੱਕ ਆਗੂਆਂ ਨੇ ਸਿਆਸੀ ਆਧਾਰ ’ਤੇ ਦੁਸ਼ਮਣੀ ਪੈਦਾ ਕਰਕੇ ਲਾਹਾ ਖੱਟਿਆ ਹੈ। ਪਹਿਲਾਂ ਪਾਰਟੀ ’ਚ ਸ਼ਾਮਲ ਕਰਵਾਇਆ ਜਾਂਦਾ ਹੈ, ਫਿਰ ਗਲੀ ਪੱਕੀ ਕੀਤੀ ਜਾਂਦੀ ਹੈ।
“150 ਕਰੋੜ ਨਾਲ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ, ਕੋਈ ਕੰਮ ਬਾਕੀ ਨਹੀਂ।”
-ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ |
“ਸਿਰਫ ਇੰਟਰਲਾਕ ਟਾਈਲਾਂ ਦਾ ਕੰਮ ਹੋਇਆ, ਹਲਕੇ ਨੂੰ ਇੱਕ ਵੀ ਟਿਊਬਵੈੱਲ ਕੁਨੈਕਸ਼ਨ ਨਹੀਂ ਮਿਲਿਆ।”
-ਹਰਦੀਪ ਸਿੰਘ ਡਿੰਪੀ ਢਿੱਲੋਂ, ਅਕਾਲੀ ਦਲ |
“ਪਹਿਲਾਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾਂਦਾ ਹੈ, ਫਿਰ ਗਲੀ ਪੱਕੀ ਕੀਤੀ ਜਾਂਦੀ ਹੈ।”
-ਪ੍ਰਿਤਪਾਲ ਸ਼ਰਮਾ, ‘ਆਪ’ |