ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 8 ਫਰਵਰੀ
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ (ਰਾਖਵਾਂ) ਦੇ ਕੁੱਲ ਵੋਟਰ 1,79,127 ਹਨ, ਜਿਸ ਵਿੱਚ 94,696 ਮਰਦ, 84,429 ਮਹਿਲਾਵਾਂ ਅਤੇ 2 ਥਰਡ ਜੈਂਡਰ ਸ਼ਾਮਲ ਹਨ। ਇਸ ਹਲਕੇ ਦੀ ਸੀਟ ’ਤੇ 1977 ਤੋਂ ਲੈ ਕੇ 2017 ਤੱਕ ਛੇ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਤਿੰਨ ਵਾਰ ਕਾਂਗਰਸ ਦਾ ਕਬਜ਼ਾ ਰਿਹਾ ਹੈ। 2017 ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਧਾਇਕ ਹਨ। ਡੈਨੀ ਦੇ ਪਿਤਾ ਸਰਦੂਲ ਸਿੰਘ ਬੰਡਾਲਾ 1992 ਤੇ 2002 ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਚੁਣੇ ਗਏ ਅਤੇ ਕੈਬਨਿਟ ਮੰਤਰੀ ਵੀ ਬਣੇ। ਬੰਡਾਲਾ ਪਰਿਵਾਰ ਨੂੰ ਤਿੰਨ ਵਾਰ ਵਾਗਡੋਰ ਮਿਲਣ ਦੇ ਬਾਵਜੂਦ ਹਲਕਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਜੰਡਿਆਲਾ ਗੁਰੂ ਵਿੱਚ ਸਭ ਤੋਂ ਵੱਡੀ ਮੁਸ਼ਕਲ ਸਰਕਾਰੀ ਲੋਕਲ ਬੱਸ ਸਰਵਿਸ ਦੀ ਹੈ। ਖਾਸ ਕਰਕੇ ਲੜਕੀਆਂ ਨੂੰ ਉਚੇਰੀ ਵਿੱਦਿਆ ਹਾਸਲ ਕਰਨ ਲਈ ਅੰਮ੍ਰਿਤਸਰ ਕਾਲਜਾਂ ਅਤੇ ਯੂਨੀਵਰਸਿਟੀ ਵਿੱਚ ਜਾਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਿੱਚ ਲੋਕਲ ਬੱਸ ਅੱਡਾ ਹੈ ਪਰ ਇਹ ਬੱਸਾਂ ਦੀ ਥਾਂ ਜੁਆਰੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਇੱਥੇ ਹੀ ਟੈਕਸੀਆਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਨਗਰ ਕੌਂਸਲ ਨੇ ਉਥੇ ਆਪਣਾ ਡੰਪਿੰਗ ਪੁਆਇੰਟ ਬਣਾ ਕੇ ਗੰਦਗੀ ਦੇ ਢੇਰ ਲਗਾ ਦਿੱਤੇ ਹਨ।
2007 ਵਿਚ ਮਲਕੀਤ ਸਿੰਘ ਏਆਰ ਵਿਧਾਇਕ ਬਣੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਇੱਥੇ ਸੀਵਰੇਜ ਪਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਕਈ ਸਾਲ ਬੀਤਣ ਦੇ ਬਾਵਜੂਦ ਇਸ ਦਾ ਕੰਮ ਪੂਰਾ ਨਹੀਂ ਹੋਇਆ। ਬੁਨਿਆਦੀ ਸਹੂਲਤਾਂ ਨਾ ਮਿਲਣ ਦੀ ਇੱਕ ਹੋਰ ਤਾਜ਼ਾ ਉਦਾਹਰਨ ਜੰਡਿਆਲਾ ਗੁਰੂ ਤੋਂ ਤਰਨ ਤਾਰਨ ਜਾਣ ਵਾਲੀ ਖਸਤਾ ਹਾਲਤ ਸੜਕ ਹੈ। ਵਿਧਾਇਕ ਦਾ ਪਿੰਡ ਬੰਡਾਲਾ ਵੀ ਇਸ ਸੜਕ ’ਤੇ ਹੀ ਪੈਂਦਾ ਹੈ ਪਰ ਪੰਜ ਸਾਲ ਬੀਤਣ ਮਗਰੋਂ ਵੀ ਇਹ ਨਹੀਂ ਬਣ ਸਕੀ। ਬੰਡਾਲਾ ਨਜ਼ਦੀਕ ਮੁੱਖ ਮਾਰਗ ਵੀ ਬੁਰੀ ਤਰ੍ਹਾਂ ਟੁੱਟਿਆ ਪਿਆ ਹੈ। ਛੱਪੜ ਦਾ ਪਾਣੀ ਸੜਕ ’ਤੇ ਖੜ੍ਹਾ ਰਹਿੰਦਾ ਹੈ। ਜੰਡਿਆਲਾ ਗੁਰੂ ਵਿੱਚ ਲੜਕੀਆਂ ਲਈ ਕੋਈ ਸਰਕਾਰੀ ਕਾਲਜ ਨਹੀਂ ਹੈ ਤੇ ਨਾ ਹੀ ਖਿਡਾਰੀਆਂ ਲਈ ਕੋਈ ਖੇਡ ਸਟੇਡੀਅਮ। ਸਰਕਾਰਾਂ ਬਦਲਦੀਆਂ ਰਹੀਆਂ, ਨਵੇਂ ਚਿਹਰੇ ਸਾਹਮਣੇ ਆਉਂਦੇ ਰਹੇ ਪਰ ਕਿਸੇ ਨੇ ਵੀ ਹਲਕੇ ਦੀਆਂ ਇਨ੍ਹਾਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ।
ਮੌਜੂਦਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦਾ ਦਾਅਵਾ ਹੈ ਕਿ ਉਨ੍ਹਾਂ ਹਲਕੇ ਵਿੱਚ ਵੱਡੇ ਪੱਧਰ ’ਤੇ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਫਿਰਨੀਆਂ ਅਤੇ ਰਸਤੇ ਉਨ੍ਹਾਂ ਨੇ ਪੱਕੇ ਕਰਵਾ ਦਿੱਤੇ ਹਨ। ਫਾਇਰ ਬ੍ਰਿਗੇਡ ਦੀ ਮੰਗ ਵੀ ਪੂਰੀ ਕਰ ਦਿੱਤੀ ਗਈ ਹੈ। ਸ਼ਹਿਰ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲੱਗ ਚੁੱਕੇ ਹਨ। ਸੜਕਾਂ ਦੇ ਕਿਨਾਰੇ ਵੀ ਇੰਟਰਲਾਕ ਟਾਈਲਾਂ ਨਾਲ ਪੱਕੇ ਕਰ ਦਿੱਤੇ ਗਏ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਵਿਧਾਇਕ ਨੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰ ਕੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਹੈ। ਉਨ੍ਹਾਂ ਸਿਰਫ਼ ਵਿਖਾਵੇ ਲਈ ਇਕ ਫਾਇਰ ਬ੍ਰਿਗੇਡ ਦੀ ਗੱਡੀ ਨਗਰ ਕੌਂਸਲ ’ਚ ਖੜ੍ਹੀ ਕੀਤੀ ਹੈ। ਉਸ ਗੱਡੀ ਦਾ ਨਾ ਤਾਂ ਡਰਾਈਵਰ ਹੈ ਤੇ ਨਾ ਹੀ ਕੋਈ ਹੋਰ ਸਟਾਫ। ਇਸੇ ਤਰ੍ਹਾਂ ਨਗਰ ਕੌਂਸਲ ਵਿੱਚ ਦੋ-ਚਾਰ ਕੈਮਰਿਆਂ ਤੋਂ ਇਲਾਵਾ ਹੋਰ ਕਿਤੇ ਕੈਮਰੇ ਨਹੀਂ ਲੱਗੇ।
ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਸਤਿੰਦਰ ਸਿੰਘ ਛੱਜਲਵੱਡੀ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਡੈਨੀ ਨੇ ਨਵੇਂ ਪ੍ਰਾਜੈਕਟ ਤਾਂ ਕੀ ਲਿਆਉਣੇ ਸਨ, ਕਈ ਸਾਲਾਂ ਤੋਂ ਲਟਕ ਰਿਹਾ ਸੀਵਰੇਜ ਪ੍ਰਾਜੈਕਟ ਵੀ ਪੂਰਾ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਗਲੀਆਂ ਨਾਲੀਆਂ ਜਾਂ ਰਸਤਿਆਂ ’ਚ ਟਾਇਲਾਂ ਲਵਾਉਣੀਆਂ ਵਿਕਾਸ ਨਹੀਂ।