ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 17 ਅਗਸਤ
ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਨਿਊ ਅੰਮ੍ਰਿਤਸਰ ਸਥਿਤ ਲੇਬਰ ਕੋਰਟ ਦਫ਼ਤਰ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਹਿੰਦ ਮਜ਼ਦੂਰ ਸਭਾ, ਇੰਟਕ, ਸੀਟੀਯੂ, ਏਟਕ ਅਤੇ ਏਟਕ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ `ਚ ਸ਼ਮੂਲੀਅਤ ਕੀਤੀ।
ਇਸ ਮੌਕੇ ਕੁਲਵੰਤ ਸਿੰਘ ਬਾਵਾ ਜਨਰਲ ਸਕੱਤਰ ਹਿੰਦ ਮਜ਼ਦੂਰ ਸਭਾ ਪੰਜਾਬ, ਸੁਰਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਇੰਟਕ, ਜਗਤਾਰ ਸਿੰਘ ਕਰਮਪੁਰਾ ਸਕੱਤਰ ਪੰਜਾਬ ਸੀਟੀਯੂ ਪੰਜਾਬ ਆਦਿ ਆਗੂਆਂ ਨੇ ਕਿਹਾ ਕਿ ਕਰੋਨਾ ਦਾ ਡਰ ਪਾ ਕੇ ਮਜ਼ਦੂਰਾਂ ਨੂੰ ਜਾਣ-ਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੇ ਲੇਬਰ ਕਾਰਡ ਨਾ ਤਾਂ ਨਵੇਂ ਬਣਾਏ ਜਾ ਰਹੇ ਹਨ ਅਤੇ ਨਾ ਹੀ ਨਵਿਆਏ ਜਾ ਰਹੇ ਹਨ ਜਿਸ ਲਈ ਲੇਬਰ ਅਫ਼ਸਰ ਹਰਦੀਪ ਸਿੰਘ ਘੁੰਮਣ ਅਤੇ ਲੇਬਰ ਇੰਸਪੈਕਟਰ ਉਪਕਾਰ ਸਿੰਘ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਤੋਂ ਅਫ਼ਸਰ ਹਰਦੀਪ ਸਿੰਘ ਘੁੰਮਣ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਦਫ਼ਤਰ ਦਾ ਮਾਹੌਲ ਵਿਗੜ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੇਬਰ ਅਫ਼ਸਰ ਤੇ ਇੰਸਪੈਕਟਰ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਰਹੇ ਤੇ ਓਬੀਸੀ ਦਫਤਰ ਅਤੇ ਚਾਈਲਡ ਲੇਬਰ ਦਫ਼ਤਰ ਨੂੰ ਤਾਲਾ ਲਗਾ ਕੇ ਦਫ਼ਤਰ ਦਾ ਸਟਾਫ਼ ਮੈਡੀਕਲ ਕਾਲਜ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਜ਼ੀਫੇ, ਸ਼ਗਨ ਸਕੀਮਾਂ, ਮ੍ਰਿਤਕਾਂ ਦੇ ਵਾਰਸਾਂ ਲਈ ਐਕਸਗ੍ਰੇਸ਼ੀਆ ਗਰਾਂਟ, ਜਣੇਪੇ ਦੇ ਲਾਭ ਆਦਿ ਸਕੀਮਾਂ ਦੇ ਤਕਰੀਬਨ 4000 ਕੇਸ ਪੈਂਡਿੰਗ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਲੇਬਰ ਅਫ਼ਸਰ ਤੇ ਲੇਬਰ ਇੰਸਪੈਕਟਰ ਦੇ ਨਾਂਹਪੱਖੀ ਵਤੀਰੇ ’ਤੇ ਫੌਰੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਤਬਦੀਲ ਕੀਤਾ ਜਾਵੇ।
ਤਹਿਸੀਲਦਾਰ ਮਨਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀ ਜਥੇਬੰਦੀਆਂ ਦੇ ਆਗੂਆਂ ਪਾਸੋਂ ਮੰਗ ਪੱਤਰ ਪ੍ਰਾਪਤ ਕਰ ਕੇ ਭਰੋਸਾ ਦਿੱਤਾ ਕਿ ਡਿਪਟੀ ਕਮਿਸ਼ਰ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।
ਸਾਰੇ ਦੋਸ਼ ਬੇਬੁਨਿਆਦ: ਅਧਿਕਾਰੀ
ਲੇਬਰ ਅਫ਼ਸਰ ਹਰਦੀਪ ਸਿੰਘ ਘੁੰਮਣ ਅਤੇ ਲੇਬਰ ਇੰਸਪੈਕਟਰ ਉਪਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਅਤੇ ਉਹ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਸਾਰੀ ਮਜ਼ਦੂਰਾਂ ਦੇ ਕੰਮਾਂ ਦਾ ਨਿਪਟਾਰਾ ਵੀ ਕਾਨੂੰਨ ਮੁਤਾਬਿਕ ਕੀਤਾ ਜਾ ਰਿਹਾ ਹੈ।