ਖੇਤਰੀ ਪ੍ਰਤੀਨਿਧ
ਬਰਨਾਲਾ, 29 ਅਪਰੈਲ
ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ 211 ਤੋਂ ਲਗਤਾਰ ਚੱਲ ਰਿਹਾ ਕਿਸਾਨ ਸੰਘਰਸ਼ ਜਾਰੀ ਹੈ| ਅੱਜ ਸਟੇਜ ਤੋਂ ਬੁੁਲਾਰੇ ਆਗੂਆਂ ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਉਜਾਗਰ ਸਿੰਘ ਬੀਹਲਾ, ਮਨਜੀਤ ਰਾਜ, ਨਛੱਤਰ ਸਿੰਘ ਸਹੌਰ, ਗੁੁਰਨਾਮ ਸਿੰਘ ਠੀਕਰੀਵਾਲ, ਪੰਜਾਬ ਸਿੰਘ, ਨੇਕਦਰਸ਼ਨ ਸਿੰਘ, ਕਾਕਾ ਸਿੰਘ ਫਰਵਾਹੀ, ਚਰਨਜੀਤ ਕੌਰ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਿੰਨੇ ਕਿਸਾਨਾਂ (ਖੇਤੀ ਖੇਤਰ) ਲਈ ਮਾਰੂ ਹਨ, ਉਨੇ ਹੀ ਮਜ਼ਦੂਰਾਂ ਦੇ ਵੀ ਵਿਰੋਧੀ ਹਨ| ਆਗੂਆਂ ਨੇ ਕਿਹਾ ਕਿ ਕੌਮਾਂਤਰੀ ਮਜ਼ਦੂਰ ਦਿਵਸ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਅੰਦਰ ਚੱਲਦੇ ਅਨੇਕਾਂ ਥਾਵਾਂ ਤੇ ਸੰਘਰਸ਼ੀ ਪਿੜਾਂ ਅੰਦਰ ਮਨਾਉਣ ਦਾ ਫੈਸਲਾ ਕੀਤਾ ਹੈ| ਮਜ਼ਦੂਰ ਆਗੂ ਹੀ ਇਸ ਦਿਨ ਮੁੱਖ ਤੌਰ ’ਤੇ ਸਟੇਜ ਦੀ ਕਮਾਂਡ ਸੰਭਾਲਗੇੇ| ਆਗੂਆਂ ਨੇ ਕਿਹਾ ਕਿ ਪਹਿਲੀ ਮਈ ਨੂੰ ਬਾਅਦ ਦੁਪਹਿਰ 2 ਵਜੇ ਰੇਲਵੇ ਸਟੇਸ਼ਨ ਤੋਂ ਭਗਤ ਸਿੰਘ ਚੌਕ ਤੱਕ ਵਿਸ਼ਾਲ ਮਾਰਚ ਕੱਢਿਆ ਜਾਵੇਗਾ|
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 211 ਦਿਨਾਂ ਤੋਂ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇੇ ਚੱਲ ਰਹੇ ਮੋਰਚਿਆਂ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਨੇ ਕਿਹਾ ਕਿ 1 ਮਈ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਬੈਸਟ ਪ੍ਰਾਈਸ ਮੋਰਚੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ। ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਆਰੰਭਿਆ ਕਿਸਾਨ ਮੋਰਚਾ ਅੱਜ 110ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ, ਜਵਾਲਾ ਸਿੰਘ, ਸਵਰਨ ਸਿੰਘ ਬੋੜਾਵਾਲ ਅਤੇ ਜਸਵੰਤ ਸਿੰਘ ਬੀਰੋਕੇ ਕਲਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਲੀ ਮੋਰਚੇ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ। ਇਸ ਖੇਤਰ ਦੇ ਲੋਕ ਜਥੇਬੰਦੀ ਨੂੰ ਖੁੱਲ੍ਹਦਿਲੀ ਨਾਲ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟੀ ਕਿਸਾਨੀ ਨਾਲ ਜੁੜੇ ਪਰਿਵਾਰ ਵੀ ਵਿੱਤੋਂ ਬਾਹਰ ਹੋ ਕੇ ਫੰਡ ਦੇਣ ਲੱਗੇ ਹਨ।
ਬਰੇਟਾ (ਪੱਤਰ ਪ੍ਰੇਰਕ):ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਗਠਨਾਂ ਵੱਲੋਂ ਸੰਘਰਸ਼ ਜਾਰੀ ਹੈ। ਇੱਥੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਤ ਚੱਲ ਰਹੇ ਧਰਨਿਆਂ ਵਿੱਚ ਅਮਰਜੀਤ ਕੌਰ, ਰਾਮਫਲ ਸਿੰਘ, ਜੋਗਿੰਦਰ ਸਿੰਘ, ਬਰਇੰਦਰ ਸਿੰਘ ਬਹਾਦਰਪੁਰ ਤੇ ਤਾਰਾ ਚੰਦ ਬਰੇਟਾ ਅਤੇ ਇੱਕ ਨਿੱਜੀ ਪੈਟਰੋਲ ਪੰਪ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੀਲਾ ਸਿੰਘ, ਸੁੱਖਾ ਸਿੰਘ ਕਿਸ਼ਨਗੜ੍ਹ, ਮੇਜਰ ਸਿੰਘ ਗੋਬਿੰਦਪੁਰਾ ਤੇ ਸੁਖਵੰਤ ਕੌਰ ਖੁਡਾਲ ਕਲਾਂ ਹਾਜ਼ਰ ਸਨ|