ਲਖਵੀਰ ਸਿੰਘ ਚੀਮਾ
ਟੱਲੇਵਾਲ, 11 ਮਾਰਚ
ਆਮ ਪਰਿਵਾਰ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਕਿਰਤੀ ਪਰਿਵਾਰ ਦਾ ਪੁੱਤ ਭਾਵੇਂ ਵਿਧਾਇਕ ਬਣ ਗਿਆ ਹੈ ਪਰ ਪਰਿਵਾਰ ਨੇ ਕਿਰਤ ਤੋਂ ਮੂੰਹ ਨਹੀਂ ਮੋੜਿਆ।
ਲਾਭ ਦੇ ਵਿਧਾਇਕ ਬਣਨ ਮਗਰੋਂ ਵੀ ਉਸ ਦੀ ਮਾਤਾ ਬਲਦੇਵ ਕੌਰ ਅੱਜ ਪਿੰਡ ਉਗੋਕੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਫ਼ਾਈ ਸੇਵਿਕਾ ਦੀ ਡਿਊਟੀ ਨਿਭਾਉਣ ਪਹੁੰਚੀ। ਬਲਦੇਵ ਕੌਰ ਨੇ ਪਹਿਲਾਂ ਵਾਂਗ ਹੀ ਸਕੂਲ ਦੀ ਸਫ਼ਾਈ ਕੀਤੀ। ਇਸ ਦੌਰਾਨ ਜਿੱਥੇ ‘ਆਪ’ ਵਿਧਾਇਕ ਦੀ ਮਾਤਾ ਆਪਣੀ ਡਿਊਟੀ ਨਿਭਾ ਰਹੀ ਸੀ, ਉਥੇ ਲਾਭ ਸਿੰਘ ਦੀ ਜਿੱਤ ਤੋਂ ਖੁਸ਼ ਲੋਕ ਸਕੂਲ ਪਹੁੰਚ ਕੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾ ਰਹੇ ਸਨ। ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕਾ ਭਦੌੜ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਿਹਤ, ਸਿੱਖਿਆ ਸਹੂਲਤਾਂ ਤੋਂ ਇਲਾਵਾ ਪੜ੍ਹੇ-ਲਿਖੇ ਨੌਜਵਾਨਾਂ ਦੇ ਰੁਜ਼ਗਾਰ ਲਈ ਕੰਮ ਕਰੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਦਾ ਪੁੱਤ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ।
ਇਸ ਮੌਕੇ ਸਕੂਲ ਦੀ ਇੰਚਾਰਜ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਲਾਭ ਸਿੰਘ ਦੀ ਜਿੱਤ ਨਾਲ ਉਨ੍ਹਾਂ ਦੇ ਸਕੂਲ ਅਤੇ ਪਿੰਡ ਉੱਗੋਕੇ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਭ ਸਿੰਘ ਦੇ ਮਾਤਾ ਬਹੁਤ ਮਿਹਨਤੀ ਤੇ ਇਮਾਨਦਾਰ ਹਨ ਅਤੇ ਪੁੱਤ ਦੇ ਵਿਧਾਇਕ ਮਗਰੋਂ ਵੀ ਉਨ੍ਹਾਂ ਵੱਲੋਂ ਆਪਣਾ ਕੰਮ ਜਾਰੀ ਰੱਖਣ ਦੀ ਸੋਚ ਬਹੁਤ ਚੰਗੀ ਹੈ।
ਪੁੱਤ ਹਲਕੇ ਦੀ ਅਤੇ ਮੈਂ ਬੱਚਿਆਂ ਦੀ ਕਰਾਂਗੀ ਸੇਵਾ: ਬਲਦੇਵ ਕੌਰ
ਮਾਤਾ ਬਲਦੇਵ ਕੌਰ ਨੇ ਕਿਹਾ ਕਿ ਪੁੱਤ ਦੀ ਜਿੱਤ ਦੀ ਬਹੁਤ ਖੁਸ਼ੀ ਹੈ। ਭਾਵੇਂ ਲਾਭ ਸਿੰਘ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਚੋਣ ਲੜ ਰਿਹਾ ਸੀ ਪਰ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਉਸ ਦੀ ਜਿੱਤ ਦਾ ਭਰੋਸਾ ਸੀ। ਉਨ੍ਹਾਂ ਕਿਹਾ, ‘‘ਭਾਵੇਂ ਮੇਰਾ ਪੁੱਤ ਵਿਧਾਇਕ ਬਣ ਗਿਆ ਹੈ ਅਤੇ ਪਰ ਮੈਂ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਾਗੀ। ਮੇਰਾ ਪੁੱਤ ਹਲਕਾ ਭਦੌੜ ਵਾਸੀਆਂ ਦੀ ਅਤੇ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੇਵਾ ਕਰਾਂਗੀ।’’ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 22 ਸਾਲ ਤੋਂ ਸਕੂਲ ਵਿੱਚ ਸਫ਼ਾਈ ਸੇਵਿਕਾ ਵਜੋਂ ਕੰਮ ਕਰ ਰਹੀ ਹੈ। ਇਸੇ ਮਿਹਨਤ ਅਤੇ ਕਿਰਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਇੱਥੋਂ ਤੱਕ ਲਿਆਂਦਾ ਹੈ ਅਤੇ ਅੱਗੇ ਤੋਂ ਵੀ ਉਹ ਕਿਰਤ ਕਰ ਕੇ ਹੀ ਆਪਣਾ ਘਰ ਚਲਾਉਣਗੇ।