ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਾਰਚ
ਪੰਜਾਬ ਪੁਲੀਸ ਦੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਰਾਹੀਂ ਸਿਆਸਤ ਵਿੱਚ ਆਏ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ’ਤੋਂ ਆਪਣੀ ਪਲੇੇਠੀ ਜਿੱਤ ਪ੍ਰਾਪਤ ਕੀਤੀ ਹੈ। ਸਾਬਕਾ ਆਈਜੀ ਨੇ ਕਾਂਗਰਸ ਰਾਜ ਵੇਲੇ ਪੁਲੀਸ ਦੀ ਨੌਕਰੀ ਤੋਂ ਉਸ ਵੇਲੇ ਅਸਤੀਫਾ ਦਿੱਤਾ ਸੀ, ਜਦੋਂ ਬੇਅਦਬੀ ਮਾਮਲੇ ਦੀ ਜਾਂਚ ਕਰਦਿਆਂ, ਉਨ੍ਹਾਂ ਦੇ ਕੰਮ ਵਿੱਚ ਅੜਿੱਕਾ ਖੜ੍ਹਾ ਕੀਤਾ ਗਿਆ। ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਕੇ ਕੁਝ ਸਮੇਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ। ਕੁੁੰਵਰ ਵਿਜੈ ਪ੍ਰਤਾਪ ਨੌਕਰੀ ਦੌਰਾਨ ਅੰਮ੍ਰਿਤਸਰ ਦੇ ਐੱਸਐੱਸਪੀ ਤੇ ਐੱਸਪੀ ਵਜੋਂ ਵੀ ਇਥੇ ਤਾਇਨਾਤ ਰਹੇ ਹਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਗੁਰਦਿਆਂ ਦੇ ਨਾਜਾਇਜ਼ ਵਪਾਰ ਦਾ ਪਰਦਾਫਾਸ਼ ਕੀਤਾ ਸੀ।