ਪਾਲ ਸਿੰਘ ਨੌਲੀ
ਜਲੰਧਰ, 16 ਜਨਵਰੀ
ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਹ ਚੋਣ ਜ਼ਰੂਰ ਲੜਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਭਲਕੇ 17 ਜਨਵਰੀ ਨੂੰ ਮੀਟਿੰਗ ਸੱਦ ਲਈ ਹੈ ਅਤੇ ਉਸ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਕਿਹੜੀ ਸੀਟ ਤੋਂ ਚੋਣ ਲੜੀ ਜਾਵੇ। ਮਹਿੰਦਰ ਸਿੰਘ ਕੇਪੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਵੀ ਹਨ।
ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਆਦਮਪੁਰ ਹਲਕੇ ਦਾ ਚਾਰਜ ਕੇਪੀ ਨੂੰ ਲਾ ਦਿੱਤਾ ਸੀ ਤੇ ਮੋਟੀਆਂ ਗਰਾਂਟਾਂ ਵੀ ਦਿੱਤੀਆਂ ਸਨ। ਹਾਲਾਂਕਿ ਆਦਮਪੁਰ ਤੋਂ ਕਾਂਗਰਸ ਨੇ ਨਵੇਂ ਚਿਹਰੇ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਹੈ ਜੋ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਕਾਂਗਰਸੀ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਟਿਕਟ ਨਾ ਦੇਣ ਦੀ ਸਭ ਤੋਂ ਵੱਡੀ ਦਲੀਲ ਇਹ ਸੀ ਕਿ ਉਹ ਪਿਛਲੀਆਂ ਤਿੰਨ ਚੋਣਾਂ ਹਾਰ ਗਏ ਸਨ। ਹਾਲਾਂਕਿ ਕੇਪੀ ਨੇ ਦਲੀਲ ਦਿੱਤੀ ਕਿ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਫਿਲੌਰ ਤੋਂ ਹਾਰ ਗਿਆ ਸੀ- ਦੋ ਵਾਰ ਉਹ ਖੁਦ ਅਤੇ ਪਿਛਲੀ ਵਾਰ ਉਨ੍ਹਾਂ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਪਰ ਇਸ ਦੇ ਬਾਵਜੂਦ ਇਸ ਵਾਰ ਉਨ੍ਹਾਂ ਦੇ ਪੁੱਤਰ ਨੂੰ ਦੁਬਾਰਾ ਟਿਕਟ ਦਿੱਤੀ ਗਈ ਹੈ।
ਉਨ੍ਹਾਂ ਦੇ ਭਤੀਜੇ ਅਤੇ ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਸਿੰਘ ਨੂੰ ਵੀ ਟਿਕਟ ਦਿੱਤੀ ਗਈ ਹੈ। ਮਹਿੰਦਰ ਕੇਪੀ ਨੇ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਅਤਿਵਾਦੀ ਪ੍ਰਭਾਵਿਤ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ ਨੂੰ ਖਾੜਕੂਵਾਦ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਗਿਆ ਹੈ। ਇਹ ਸਪੱਸ਼ਟ ਤੌਰ ’ਤੇ ਬੇਇਨਸਾਫ਼ੀ।
ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ 1967 ਤੋਂ ਚੋਣ ਲੜਦੇ ਆ ਰਹੇ ਸਨ। ਉਹ ਪੰਜਾਬ ਵਿੱਚ ਮੰਤਰੀ ਵੀ ਬਣੇ ਸਨ।
ਕੇਪੀ ਨੇ ਟਿਕਟ ਨਾ ਮਿਲਣ ਨੂੰ ‘ਘੋਰ ਬੇਇਨਸਾਫ਼ੀ’ ਕਰਾਰ ਦਿੰਦਿਆਂ ਕਿਹਾ ਕਿ ਉਹ ਕੇਪੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸਨ ਅਤੇ 2017 ਵਿੱਚ ਉਨ੍ਹਾਂ ਨੂੰ ਆਦਮਪੁਰ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਹ ਪਵਨ ਟੀਨੂੰ ਤੋਂ ਹਾਰ ਗਏ। ਉਹ 2009 ਵਿੱਚ ਜਲੰਧਰ ਤੋਂ ਸੰਸਦ ਮੈਂਬਰ ਬਣੇ ਸਨ ਅਤੇ 2014 ਵਿੱਚ ਉਨ੍ਹਾਂ ਨੂੰ ਹੁਸ਼ਿਆਰਪੁਰ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਉਹ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਤੋਂ ਹਾਰ ਗਏ ਕਿਉਂਕਿ ਹਿੰਦੂ ਬਹੁਗਿਣਤੀ ਵਾਲੀ ਮੋਦੀ ਲਹਿਰ ਸੀਟ `ਤੇ ਕੰਮ ਕਰਦੀ ਸੀ।