ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 4 ਸਤੰਬਰ
ਸਥਾਨਕ ਨਗਰ ਕੌਂਸਲ ਵਿੱਚ 21 ਕੌਂਸਲਰਾਂ ਨੇ ਬੇਭਰੋਸਗੀ ਮਤਾ ਪਾ ਕੇ ਅੱਜ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਕੁਮਾਰ ਜੋਸ਼ੀ ਨੂੰ ਅਹੁਦੇ ਤੋਂ ਲਾਹ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲ ਦੇ ਟਾਊਨ ਹਾਲ ਵਿੱਚ ਅੱਜ 29 ਕੌਂਸਲਰਾਂ ਤੇ ਵਿਧਾਇਕ ਮੈਂਬਰਾਂ ’ਚੋਂ 23 ਜਣੇ ਸਦਨ ਵਿੱਚ ਹਾਜ਼ਰ ਹੋਏ। ਇਨ੍ਹਾਂ ’ਚੋਂ 21 ਮੈਂਬਰਾਂ ਨੇ ਸੀਨੀਅਰ ਮੀਤ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਸਹਿਮਤੀ ਪ੍ਰਗਟਾਈ। ਮਤਾ ਲਿਖਣ ਦੀ ਕਾਰਵਾਈ ਈਓ ਅੰਮ੍ਰਿਤ ਲਾਲ ਗੋਇਲ ਨੇ ਕੀਤੀ ਤੇ ਮਗਰੋਂ ਸਾਰਿਆਂ ਨੇ ਹਸਤਾਖਰ ਕੀਤੇ। ਸਦਨ ਦੀ ਪ੍ਰਧਾਨਗੀ ਕਰਦਿਆਂ ਭੁਪਿੰਦਰ ਸਿੰਘ ਸੱਗੂ ਨੇ ਮੀਡੀਆ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ। ਪੱਤਰਕਾਰਾਂ ਨੇ ਮਾਮਲਾ ਡੀਸੀ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਐੱਸਡੀਐੱਮ ਨੂੰ ਮੌਕੇ ’ਤੇ ਭੇਜਿਆ ਪਰ ਐੱਸਡੀਐੱਮ ਕਥਿਤ ਤੌਰ ’ਤੇ ਉੱਥੇ ਆਉਣ ਤੋਂ ਟਾਲਾ ਵਟ ਗਏ।
ਸੁਤੰਤਰ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਦਲਾਲਊ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਕ ਮਹਿਲਾ ਕੌਂਸਲਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜੈਪਾਲ ਸਿੰਘ ਸੰਧੂ ਦੇ ਹੱਥਾਂ ਦੀਆਂ ਕਠਪੁਤਲੀਆਂ ਹਨ। ਮਾਮਲਾ ਪਾਰਟੀ ਹਾਈ ਕਮਾਂਡ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਬੰਧੀ ਹਾਈ ਕੋਰਟ ’ਚ ਉਨ੍ਹਾਂ ਦੀ ਪਟੀਸ਼ਨ ਵੀ ਪੈਂਡਿੰਗ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 18 ਜੂਨ ਨੂੰ ਸੁਤੰਤਰ ਜੋਸ਼ੀ ਅੱਠ ਕੌਂਸਲਰਾਂ ਦੀ ਹਮਾਇਤ ਨਾਲ ਇਸ ਅਹੁਦੇ ’ਤੇ ਬੈਠੇ ਸਨ।