ਜਸਵੰਤ ਜੱਸ
ਫ਼ਰੀਦਕੋਟ, 29 ਜੁਲਾਈ
ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਇੱਥੇ ਟੀਮ ਦੇ ਕੈਂਪ ਦਫ਼ਤਰ ਵਿੱਚ ਪੰਜਾਬ ਪੁਲੀਸ ਦੇ ਪੰਜ ਅਧਿਕਾਰੀਆਂ ਕੋਲੋਂ ਪੁੱਛ ਪੜਤਾਲ ਕੀਤੀ। ਸੂਚਨਾ ਅਨੁਸਾਰ ਜਾਂਚ ਟੀਮ ਨੇ ਇੰਸਪੈਕਟਰ ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਅਭਿਨਵ, ਅਸ਼ੋਕ ਕੁਮਾਰ ਅਤੇ ਪ੍ਰਗਟ ਸਿੰਘ ਤੋਂ ਪੁੱਛ-ਪੜਤਾਲ ਕੀਤੀ।
ਜਾਂਚ ਟੀਮ ਨੇ ਇਨ੍ਹਾਂ ਪੁਲੀਸ ਅਧਿਕਾਰੀਆਂ ਦੇ ਬਿਆਨ ਵੀ ਕਲਮਬੰਦ ਕੀਤੇ। ਇੱਕ ਦਿਨ ਪਹਿਲਾਂ ਜਾਂਚ ਟੀਮ ਨੇ 9 ਉੱਚ ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਸੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੀ ਨਾਰਕੋ ਟੈਸਟ ਲਈ ਜਾਂਚ ਟੀਮ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਹਾਜ਼ਰ ਹੋਏ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਉਨ੍ਹਾਂ ਦਾ ਨਾਰਕੋ ਟੈਸਟ ਹੋਣ ਦੀ ਸੰਭਾਵਨਾ ਹੈ। ਸੂਚਨਾ ਅਨੁਸਾਰ ਆਈਜੀ ਉਮਰਾਨੰਗਲ ਦਾ ਨਾਰਕੋ ਟੈਸਟ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਹੋਵੇਗਾ।
ਪ੍ਰੇਮੀਆਂ ਦੀ ਨਹੀਂ ਹੋਈ ਰਿਹਾਈ
ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰਨ ਅਤੇ ਉਸ ਤੋਂ ਬਾਅਦ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਭਾਵੇਂ ਇਲਾਕਾ ਮੈਜਿਸਟਰੇਟ ਨੇ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਇਸ ਦੇ ਬਾਵਜੂਦ ਅੱਜ ਚੌਥੇ ਦਿਨ ਵੀ ਡੇਰਾ ਪ੍ਰੇਮੀਆਂ ਦੀ ਰਿਹਾਈ ਨਹੀਂ ਹੋ ਸਕੀ। ਅਦਾਲਤ ਨੇ ਸਾਰੇ ਡੇਰਾ ਪ੍ਰੇਮੀਆਂ ਨੂੰ 90 ਹਜ਼ਾਰ ਰੁਪਏ ਦਾ ਜ਼ਮਾਨਤਨਾਮਾ ਤੇ ਮੁਚੱਲਕਾ ਅਦਾਲਤ ਵਿੱਚ ਭਰਨ ਲਈ ਕਿਹਾ ਸੀ, ਜੋ ਅਜੇ ਤੱਕ ਨਹੀਂ ਭਰਿਆ ਗਿਆ।