ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ 11 ਅਕਤੂਬਰ
ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਅੱਜ ਇਕ ਵਾਰ ਮੁੜ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਸਥਾਨਕ ਮੁੱਖ ਚੌਕ ’ਚ ਪਹੁੰਚੀ, ਜਿਥੇ 14 ਅਕਤੂਬਰ 2015 ਨੂੰ ਧਰਨਾਕਾਰੀ ਸੰਗਤ ’ਤੇ ਪੰਜਾਬ ਪੁਲੀਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਮਗਰੋਂ ਨੇੜਲੇ ਪਿੰਡ ਬਹਬਿਲ ਕਲਾਂ ਵਿੱਚ ਵੀ ਇੱਕ ਪੁਲੀਸ ਅਧਿਕਾਰੀ ਨੇ ਸਿੱਖ ਕਾਰਕੁਨਾਂ ’ਤੇ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਵੱਡੀ ਗਿਣਤੀ ਲੋਕ ਫੱਟੜ ਹੋਏ ਸਨ ਤੇ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਦੌਰਾਨ ਪੁਲੀਸ ਨੇ ਮੀਡੀਆ ਨੂੰ ਟੀਮ ਦੇ ਨਜ਼ਦੀਕ ਨਹੀਂ ਆਉਣ ਦਿੱਤਾ। ਇਸ ਦੌਰਾਨ ਜਦੋਂ ਮੀਡੀਆ ਵੱਲੋਂ ਪੁਲੀਸ ਅਧਿਕਾਰੀ ਤੋਂ ਅੱਜ ਦੀ ਜਾਂਚ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਸਵਾਲ ਕੀਤੇ ਗਏ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਸੁਖਰਾਜ ਸਿੰਘ ਨਿਆਮੀ ਪਿਛਲੇ ਗਿਆਰਾਂ ਮਹੀਨਿਆਂ ਤੋਂ ਬਹਬਿਲ ਇਨਸਾਫ ਮੋਰਚੇ ਤਹਿਤ ਧਰਨੇ ’ਤੇ ਬੈਠਾ ਹੋਇਆ ਹੈ। ਮੋਰਚੇ ਵੱਲੋਂ 14 ਅਕਤੂਬਰ ਨੂੰ ਸੂਬਾ ਪੱਧਰੀ ਇਕੱਠ ਕਰਕੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਸਿੱਖ ਕਾਰਕੁਨ ਗੁਰਿੰਦਰ ਸਿੰਘ ਕੋਟਕਪੂਰਾ ਨੇ ਇਸ ਮਸਲੇ ’ਤੇ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਜਾਂਚ ਕਰਵਾਈ ਜਾਰ ਹੀ ਹੈ, ਪਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।