ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 21 ਸਤੰਬਰ
ਇੱਥੇ ਫੋਕਲ ਪੁਆਇੰਟ ਇਲਾਕੇ ਵਿੱਚ ਪਰਵਾਸੀ ਮਜ਼ਦੂਰ ਪਰਿਵਾਰ ਦੀ ਇੱਕ 14 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਨੂੰ ਗਰਭਵਤੀ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਔਰਤ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੋ ਮੁਲਜ਼ਮਾਂ ਵਿਸ਼ਾਲ ਤਿਵਾੜੀ (ਵਾਸੀ ਸ਼ਿਵ ਨਗਰ ਫੋਕਲ ਪੁਆਇੰਟ, ਕੋਟਕਪੂਰਾ) ਅਤੇ ਚੇਤ ਰਾਮ (ਵਾਸੀ ਮੁੱਦਕੀ ਰੋਡ, ਬਾਘਾਪੁਰਾਣਾ) ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਪੀੜਤਾ ਦੀ ਭਰਜਾਈ ਨੀਲਮ (ਵਾਸੀ ਰਾਇਬਰੇਲੀ, ਉੱਤਰ ਪ੍ਰਦੇਸ਼) ਰੂਪੋਸ਼ ਹੋ ਗਈ ਹੈ।
ਪੁਲੀਸ ਮੁਤਾਬਕ ਨਾਬਾਲਗ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤੇ ਗਏ ਕੇਸ ਵਿੱਚ ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਕੰਮਕਾਜ ਲਈ ਰੋਜ਼ ਘਰੋਂ ਬਾਹਰ ਚਲੇ ਜਾਂਦੇ ਸਨ। ਉਨ੍ਹਾਂ ਦੀ ਗੈਰਹਾਜ਼ਰੀ ’ਚ ਨੀਲਮ ਬਾਹਰੋਂ ਲੜਕੇ ਬੁਲਾ ਕੇ ਆਪਣੀ ਨਨਾਣ ਨਾਲ ਜਬਰ-ਜਨਾਹ ਕਰਵਾਉਂਦੀ ਸੀ।
ਪੁਲੀਸ ਨੇ ਦੱਸਿਆ ਕਿ ਇਸ ਮਗਰੋਂ ਮੁਲਜ਼ਮਾਂ ਨੇ ਨਾਬਾਲਗ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰ ਰੋਜ਼ ਪੀੜਤ ਨੂੰ ਨਸ਼ੀਲੀ ਵਸਤੂ ਖੁਆ ਕੇ ਉਸ ਨਾਲ ਜਿਸਮਾਨੀ ਸਬੰਧ ਬਣਾਉਂਦੇ ਰਹੇ। ਪੁਲੀਸ ਮੁਤਾਬਕ ਇਸ ਸਮੇਂ ਬੱਚੀ ਅੱਠ ਮਹੀਨੇ ਦੀ ਗਰਭਵਤੀ ਹੈ। ਜਾਂਚ ਅਧਿਕਾਰੀ ਥਾਣੇਦਾਰ ਗੁਰਮੇਲ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਤਿੰਨ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ। ਪੁਲੀਸ ਵੱਲੋਂ ਪੀੜਤ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।
ਦੋ ਨਾਬਾਲਗਾਂ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਪੱਚੀ ਸਾਲ ਦੀ ਕੈਦ
ਬੋਹਾ (ਨਰੰਜਣ ਬੋਹਾ): ਪਿੰਡ ਰਿਉਂਦ ਖੁਰਦ ਦੀਆਂ ਦੋ ਨਾਬਾਲਗਾਂ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਇਸੇ ਪਿੰਡ ਦੇ ਰਾਮਦੀਪ ਨੂੰ ਬੁਢਲਾਡਾ ਫਾਸਟ ਟਰੈਕ ਅਦਾਲਤ ਵੱਲੋਂ ਪੱਚੀ ਸਾਲ ਦੀ ਕੈਦ ਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਹਾ ਪੁਲੀਸ ਨੇ 4 ਅਕਤੂਬਰ 2021 ਨੂੰ ਰਾਮਦੀਪ ਖ਼ਿਲਾਫ਼ ਦੋ ਨਾਬਾਲਗਾਂ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 376 -ਏ ਅਤੇ ਪੈਕਸ ਐਕਟ ਅਧੀਨ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਸ ਕੇਸ ਦੀ ਸੁਣਵਾਈ ਕਰਦਿਆਂ ਜਸਟਿਸ ਮਨਜੋਤ ਕੌਰ ਦੀ ਅਦਾਲਤ ਨੇ ਸਰਕਾਰੀ ਵਕੀਲ ਜਸਵੀਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਸ ਨੂੰ ਪੈਕਸ ਐਕਟ ਤਹਿਤ 25 ਸਾਲ ਦੀ ਸਜ਼ਾ ਸੁਣਾਉਂਦਿਆਂ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਪੀੜਤਾਂ ਨੂੰ ਛੇ-ਛੇ ਲੱਖ ਰੁਪਏ ਦੀ ਸਰਕਾਰੀ ਸਹਾਇਤਾ ਦੇਣ ਦਾ ਹੁਕਮ ਵੀ ਕੀਤਾ ਗਿਆ ਹੈ। ਦੋਸ਼ੀ ਨੂੰ ਕੀਤੇ ਗਏ ਦੋ ਲੱਖ ਰੁਪਏ ਦੇ ਜੁਰਮਾਨੇ ’ਚੋਂ ਵੀ ਦੋਵਾਂ ਪੀੜਤਾਂ ਨੂੰ ਇੱਕ-ਇਕ ਲੱਖ ਰੁਪਏ ਦਿੱਤੇ ਜਾਣਗੇ।