ਕੋਟਕਪੂਰਾ, 12 ਜੁਲਾਈ
ਅੱਜ ਤੜਕਸਾਰ ਇਥੋਂ ਦੇ ਦੇਵੀ ਵਾਲਾ ਸੜਕ ’ਤੇ ਸਥਿਤ ਬਿਜਲੀ ਗਰਿੱਡ ਦੇ ਸਾਹਮਣੇ ਗਲੀ ’ਚ ਦਲਿਤ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗਣ ਕਾਰਨ ਸੁੱਤੇ ਪਰਿਵਾਰ ਦੇ ਮੁਖੀ, ਉਸ ਦੀ ਗਰਭਵਤੀ ਪਤਨੀ ਤੇ ਪੁੱਤਰ ਸਣੇ 3 ਜਣਿਆਂ ਦੀ ਮੌਤ ਹੋ ਗਈ, ਜਦ ਕਿ ਗੁਆਂਢ ’ਚ ਰਹਿੰਦੀ ਲੜਕੀ ਜ਼ਖ਼ਮੀ ਹੋ ਗਈ। ਮਰਨ ਵਾਲਿਆਂ ਦੀ ਪਛਾਣ ਗਗਨਦੀਪ ਸਿੰਘ, ਉਸ ਦੀ 7 ਮਹੀਨਿਆਂ ਦੀ ਗਰਭਵਤੀ ਪਤਨੀ ਕਮਲਜੀਤ ਕੌਰ ਕਮਲ, ਪੰਜ ਸਾਲ ਪੁੱਤਰ ਗੈਵੀ ਵਜੋਂ ਹੋਈ ਹੈ। ਗੁਆਂਢੀਆਂ ਦੀ ਲੜਕੀ ਇੰਦਰਜੀਤ ਕੌਰ (15) ਪੁੱਤਰੀ ਨਿੱਕਾ ਸਿੰਘ ਜੋ ਘਰ ਵਿੱਚ ਸੁੱਤੀ ਸੀ ਜ਼ਖ਼ਮੀ ਹੋ ਗਈ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਹੈ।