ਮਿਹਰ ਸਿੰਘ
ਕੁਰਾਲੀ, 7 ਜੂਨ
ਸ਼ਹਿਰ ਦੇ ਵਾਰਡ ਨੰਬਰ 11 ਵਿੱਚ ਨਗਰ ਕੌਂਸਲ ਵੱਲੋਂ ਸਪਲਾਈ ਕੀਤੇ ਜਾ ਰਹੇ ਦੂਸ਼ਿਤ ਪਾਣੀ ਕਾਰਨ ਇੱਕ ਕਲੋਨੀ ਦੇ ਡੇਢ ਦਰਜਨ ਵਾਸੀ ਪੇਚਸ ਦੀ ਲਪੇਟ ਵਿੱਚ ਆ ਗਏ ਹਨ। ਵਾਰਡ ਵਾਸੀਆਂ ਨੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ੁੱਧ ਪਾਣੀ ਸਪਲਾਈ ਕਰਨ ਦੀ ਮੰਗ ਕੀਤੀ ਅਤੇ ਸਮੱਸਿਆ ਦਾ ਹੱਲ ਨਾ ਹੋਣ ’ਤੇ ਕੌਂਸਲ ਅੱਗੇ ਧਰਨਾ ਦੇਣ ਦਾ ਐਲਾਨ ਵੀ ਕੀਤਾ।
ਵਾਰਡ ਨੰਬਰ 11 ਦੀ ਸੀਸਵਾਂ ਰੋਡ ਕਲੋਨੀ ਦੇ ਵਸਨੀਕਾਂ ਗੁਰਸ਼ਰਨ ਸਿੰਘ, ਭੁਪਿੰਦਰ ਕੌਰ, ਪ੍ਰਿਥੀਪਾਲ ਸਿੰਘ, ਰਜਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਸੋਮ ਨਾਥ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਪੀਣ ਵਾਲਾ ਪਾਣੀ ਨਗਰ ਕੌਂਸਲ ਵੱਲੋਂ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਲੋਨੀ ਦਾ ਪਾਣੀ ਕਰੀਬ ਇੱਕ ਮਹੀਨੇ ਤੋਂ ਗੰਧਲਾ ਆ ਰਿਹਾ ਹੈ ਜਦਕਿ ਇੱਕ ਹਫ਼ਤੇ ਤੋਂ ਇਹ ਸਮੱਸਿਆ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਕੌਂਸਲ ਵੱਲੋਂ ਸਪਲਾਈ ਕੀਤੇ ਜਾ ਰਿਹਾ ਪਾਣੀ ਗੰਧਲਾ ਹੋਣ ਦੇ ਨਾਲ ਬਦਬੋ ਮਾਰ ਰਿਹਾ ਹੈ ਜਿਸ ਤੋਂ ਜਾਪਦਾ ਹੈ ਕਿ ਨਾਲੀਆਂ ਦਾ ਨਿਕਾਸੀ ਪਾਣੀ ਕਿਸੇ ਥਾਂ ’ਤੇ ਪਾਣੀ ਦੀ ਪਾਈਪ ਵਿੱਚ ਦਾਖਲ ਹੋ ਰਿਹਾ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਹ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਕੌਂਸਲ ਨੂੰ ਆਖ ਰਹੇ ਹਨ ਪਰ ਕੌਂਸਲ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਸ ਦੌਰਾਨ ਵਾਰਡ ਵਾਸੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਜਸਵਿੰਦਰ ਕੌਰ ਨੂੰ ਪੇਚਸ ਕਾਰਨ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਪ੍ਰਿਥੀਪਾਲ ਸਿੰਘ ਦੀ ਪਤਨੀ ਸਮੇਤ ਘਰ ਦੇ ਤਿੰਨ ਮੈਂਬਰ ਕਈ ਦਿਨਾਂ ਤੋਂ ਪੇਚਸ ਨਾਲ ਪੀੜਤ ਹੋਣ ਕਾਰਨ ਪਹਿਲਾਂ ਕੁਰਾਲੀ ਦੇ ਹਸਪਤਾਲ ਵਿੱਚ ਦਾਖਲ ਸਨ ਪਰ ਫਿਰ ਉਨ੍ਹਾਂ ਨੂੰ ਮੁਹਾਲੀ ਅਤੇ ਉੱਥੋਂ ਸੈਕਟਰ 32 ਚੰਡੀਗੜ੍ਹ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸੇ ਦੌਰਾਨ 5 ਸਾਲਾ ਮਹਿੰਦਰ ਸਿੰਘ ਵੀ ਪੇਚਸ ਨਾਲ ਪੀੜਤ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਵੀ ਤਿੰਨ ਮੈਂਬਰ ਪੇਚਸ ਨਾਲ ਪੀੜਤ ਹਨ।
ਸਮੱਸਿਆ ਦੇ ਹੱਲ ਲਈ ਹੁਕਮ ਦਿੱਤੇ: ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੇ ਹੱਲ ਲਈ ਕੌਂਸਲ ਅਧਿਕਾਰੀਆਂ ਨੂੰ ਆਖ ਦਿੱਤਾ ਹੈ। ਕਾਰਜਸਾਧਕ ਅਫ਼ਸਰ ਵੀ ਕੇ ਜੈਨ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਸਮੱਸਿਆ ਦੇ ਹੱਲ ਲਈ ਪਾਈਪ ਲਾਈਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।