ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਨਵੰਬਰ
ਪੰੰਜਾਬ ਸਰਕਾਰ ਨੇ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਦੀ ਛੁੱਟੀ ਕਰ ਦਿੱਤੀ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਨ। ਸ੍ਰੀ ਸ਼ਰਮਾ ਨੂੰ ਕੈਪਟਨ ਦੇ ਮੁੱਖ ਮੰਤਰੀ ਬਣਨ ਮਗਰੋਂ ਪੀਆਰਟੀਸੀ ਦਾ ਚੇਅਰਮੈਨ ਬਣਾਇਆ ਗਿਆ ਸੀ। ਉਹ ਕੈਪਟਨ ਦੀ ਪਿਛਲੀ ਸਰਕਾਰ ’ਚ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਵੀ ਰਹੇ। ਕੈਪਟਨ ਦੇ ਅਸਤੀਫੇ ਮਗਰੋਂ ਨਵੀਂ ਸਰਕਾਰ ਨੇ ਆਉਂਦਿਆਂ ਹੀ ਅੰਮ੍ਰਿਤਸਰ ’ਚ ਇੱਕ ਕੈਪਟਨ ਸਮਰਥਕ ਚੇਅਰਮੈਨ ਨੂੰ ਹਟਾ ਦਿੱਤਾ ਸੀ ਪਰ ਕੈਪਟਨ ਦੇ ਜੱਦੀ ਸ਼ਹਿਰ ਨਾਲ ਸਬੰਧਤ ਕੇਕੇ ਸ਼ਰਮਾ ਨੂੰ ਹਟਾਉਣ ’ਚ ਕਰੀਬ ਦੋ ਮਹੀਨੇ ਲਗਾ ਦਿੱਤੇ। ਉਧਰ ਸ੍ਰੀ ਸ਼ਰਮਾ ਦੀ ਥਾਂ ਸ੍ਰੀ ਸਤਵਿੰਦਰ ਸਿੰਘ ਚੈੜੀਆਂ ਨੂੰ ਪੀਆਰਟੀਸੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈੈ। ਉਹ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਹਨ ਅਤੇ ਉਨ੍ਹਾਂ ਦੇ ਇਲਾਕੇ ਨਾਲ ਸਬੰਧਤ ਹਨ। ਉਨ੍ਹਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ਼ ਲਿਆ ਹੈ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਨੂੰ ਇਸ ਸਬੰਧੀ ਇਥੇ ਇੱਕ ਸਮਾਗਮ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜ ਵੜਿੰਗ ਦੇ ਆਉਣ ਦਾ ਪ੍ਰੋਗਰਾਮ ਤਾਂ ਤੈਅ ਹੋ ਚੁੱਕਾ ਹੈ ਤੇ ਮੁੱਖ ਮੰਤਰੀ ਦੇ ਆਉਣ ਦੀ ਵੀ ਸੰਭਾਵਨਾ ਹੈ। ਦੂਜੇ ਪਾਸੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਹਟਾਉਣ ਲਈ ਕਾਂਗਰਸ ਹਾਈ ਕਮਾਂਡ ਨੇ ਵਿਰੋਧੀ ਕੌਂਸਲਰਾਂ ਦੀ ਭਲਕੇ ਚੰਡੀਗੜ੍ਹ ਵਿੱਚ ਮੀਟਿੰਗ ਸੱਦ ਲਈ ਹੈ।