ਪਰਸ਼ੋਤਮ ਬੱਲੀ
ਬਰਨਾਲਾ, 7 ਅਕਤੂਬਰ
ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਨੂੰ ਤਾਰਪੀਡੋ ਕਰਦਿਆਂ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਵਾਪਸ ਲਏ ਜਾਣ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਖੋਰਾ ਲੱਗਣਾ ਜਾਰੀ ਹੈ। ਇਸ ਦੀ ਲੜੀ ਵਜੋਂ ਅੱਜ ਗੁਰਦੁਆਰਾ ਬੀਬੀ ਪ੍ਰਧਾਨ ਵਿਖੇ ਲੱਖੋਵਾਲ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਤੇ ਟਕਸਾਲੀ ਆਗੂ ਮਹਿੰਦਰ ਸਿੰਘ ਵੜੈਚ ਦੀ ਅਗਵਾਈ ਹੇਠ ਇਕੱਠ ਹੋਇਆ ਜਿਸ ਵਿਚ ਲੱਖੋਵਾਲ ਪਰਿਵਾਰ ਦੇ ਨੇੜਲੇ ਨੌਜਵਾਨ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ ਸਮੇਤ ਸਮੂਹ ਜ਼ਿਲ੍ਹਾ ਕਾਰਜਕਾਰਨੀ, ਜ਼ਿਲ੍ਹੇ ਦੇ ਤਿੰਨੋਂ ਬਲਾਕਾਂ ਬਰਨਾਲਾ, ਮਹਿਲ ਕਲਾਂ ਤੇ ਸ਼ਹਿਣਾ, ਅੱਠ ਸਰਕਲਾਂ ਅਤੇ ਸਮੂਹ 72 ਪਿੰਡ ਇਕਾਈਆਂ ਦੀਆਂ ਜਥੇਬੰਦਕ ਕਮੇਟੀ ਆਗੂਆਂ ਨੇ ਮਤਾ ਪਾ ਕੇ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਖੇਤੀ ਬਿੱਲਾਂ ਖਿਲਾਫ਼ ਸੂਬੇ ਭਰ ਵਿੱਚ ਕਿਸਾਨ ਅੰਦੋਲਨ ਚਲਾ ਰਹੇ ਹਨ ਤਾਂ ਯੂਨੀਅਨ ਦੀ ਸੂਬਾ ਕਮੇਟੀ ਦੇ ਕੁੱਝ ਆਗੂਆਂ ਵੱਲੋਂ ਜਥੇਬੰਦੀਆਂ ਨੂੰ ਭਰੋਸੇ ’ਚ ਲਏ ਬਿਨਾਂ ਸੁਪਰੀਮ ਕੋਰਟ ’ਚ ਰਿੱਟ ਦਾਇਰ ਕਰਵਾ ਦਿੱਤੀ ਗਈ ਜੋ ਵਿਰੋਧ ਕਾਰਨ ਵਾਪਸ ਲੈ ਲਈ ਗਈ ਹੈ। ਬੀਕੇਯੂ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਇਸ ਸਬੰਧੀ ਗਲਤਫਹਿਮੀ ਜਲਦੀ ਦੂਰ ਕੀਤੀ ਜਾਵੇਗੀ।