ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 26 ਸਤੰਬਰ
ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ, ਟਰੇਡ ਯੂਨੀਅਨ ਆਗੂ ਪ੍ਰੇਮ ਰੱਕੜ, ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਵੀਰ ਸਿੰਘ ਕੌਲਗੜ੍ਹ, ਦਿਲਬਾਗ ਸਿੰਘ ਕੰਗਣਾ ਬੇਟ, ਕੰਢੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹੁਸਨ ਮਝੋਟ, ਖੇਤ ਮਜ਼ਦੂਰ ਆਗੂ ਅੱਛਰ ਸਿੰਘ ਟੋਰੋਵਾਲ ਅਤੇ ਨੌਜਵਾਨ ਆਗੂ ਪਰਮਜੀਤ ਸਿੰਘ ਰੌੜੀ ਆਦਿ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਲਕੇ 27 ਸਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਕਤ ਆਗੂਆਂ ਨੇ ਕਿਹਾ ਕਿ ਬਲਾਚੌਰ ਸ਼ਹਿਰ ਅਤੇ ਆਸ ਪਾਸ ਦੇ ਕਸਬੇ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ, ਬੰਦ ਦੌਰਾਨ ਟੌਲ ਪਲਾਜ਼ਾ ਮਜਾਰੀ ਵਿਖੇ ਕਿਸਾਨ, ਖੇਤ ਮਜ਼ਦੂਰ ਅਤੇ ਸਨਅਤੀ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਬਲਾਚੌਰ ਇਲਾਕੇ ਦੇ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਭਾਰਤ ਬੰਦ ਵਿੱਚ ਹਿੱਸਾ ਲੈਣ ਅਤੇ ਇਸ ਨੂੰ ਸਫਲ ਕਰਨ।
ਆੜ੍ਹਤੀਆ ਐਸੋਸੀਏਸ਼ਨ ਵੱਲੋਂ ਬੰਦ ਦੀ ਹਮਾਇਤ
ਰਈਆ (ਪੱਤਰ ਪ੍ਰੇਰਕ): ਆੜ੍ਹਤੀਆ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜਨ ਵਰਮਾ ਅਤੇ ਪ੍ਰਧਾਨ ਰਾਜੀਵ ਭੰਡਾਰੀ ਵਲੋ ਵੱਖ ਵੱਖ ਮੀਟਿੰਗਾਂ ਕਰਕੇ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆ ਮੰਗਾਂ ਦੇ ਹੱਕ ਵਿਚ ਸਥਾਨਕ ਅਨਾਜ ਮੰਡੀ ਮੁਕੰਮਲ ਬੰਦ ਰਹੇਗੀ ਅਤੇ ਕੋਈ ਵੀ ਦੁਕਾਨ ਨਹੀਂ ਖੁੱਲੇਗੀ। ਇਸ ਮੌਕੇ ਰਾਜੇਸ਼ ਟਾਂਗਰੀ, ਜਸਬੀਰ ਸਿੰਘ ਨਾਹਰਾ, ਰਾਮ ਲੁਭਾਇਆ ਸਮੇਤ ਵੱਡੀ ਗਿਣਤੀ ਵਿਚ ਆੜ੍ਹਤੀਏ ਅਤੇ ਮੁਨੀਮ ਸ਼ਾਮਲ ਹੋਏ।
ਵੱਖ-ਵੱਖ ਥਾਵਾਂ ’ਤੇ ਬੰਦ ਮੌਕੇ ਦਿੱਤੇ ਜਾਣਗੇ ਧਰਨੇ
ਭੁਲੱਥ (ਪੱਤਰ ਪ੍ਰੇਰਕ): ਅੱਜ ਭੁਲੱਥ ਸਬ-ਡਿਵੀਜ਼ਨ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ’ਤੇ ਵੱਖ-ਵੱਖ ਥਾਵਾਂ ’ਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨੇ ਦਿੱਤੇ ਜਾਣਗੇ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪ੍ਰਧਾਨ ਜਸਬੀਰ ਸਿੰਘ ਲਿੱਟਾ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਤਿੰਨ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਬੰਦ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ ਗਈ ਹੈ।