ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਅੱਗੇ ਡਟੇ ਹਜ਼ਾਰਾਂ ਕਿਸਾਨਾਂ ਦੇ ਪੱਕੇ ਮੋਰਚੇ ਦਾ ਅੱਠਵਾਂ ਦਿਨ ਜ਼ਮੀਨੀ ਘੋਲ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਹਾ। ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦੀ ਮੁਬਾਰਕਬਾਦ ਦਿੰਦਿਆਂ ਇਸ ਸਿਰਲੱਥ ਯੋਧੇ ਦੀ ਇਨਕਲਾਬੀ ਕਾਰਵਾਈ ਬਾਰੇ ਜਾਣੂ ਕਰਵਾਇਆ। ਕਿਸਾਨੀ ਮੰਗਾਂ ਸਬੰਧੀ ਭੇਜੇ ਯਾਦ ਪੱਤਰ ਬਾਰੇ ਪੰਜਾਬ ਸਰਕਾਰ ਦੇ ਜਵਾਬ ਦੀ ਉਡੀਕ ਵਿੱਚ ਪੱਕਾ ਮੋਰਚਾ ਲਗਾਤਾਰ ਜਾਰੀ ਰਿਹਾ। ਹਜ਼ਾਰਾਂ ਦੀ ਗਿਣਤੀ ’ਚ ਜੁੜੇ ਕਿਸਾਨ-ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਹਲਵਾਹਕ ਕਿਸਾਨਾਂ ਨੂੰ ਦਿਵਾਉਣ ਲਈ ਆਪਾ ਵਾਰੂ ਹਥਿਆਰਬੰਦ ਸੰਘਰਸ਼ ਦੀ ਅਗਵਾਈ ਆਖ਼ਰੀ ਦਮ ਤੱਕ ਕਰਨ ਵਾਲੇ ਇਸ ਸਿਰਲੱਥ ਯੋਧੇ ਦੇ ਜਨਮ ਦਿਨ ਦੀ ਸਮੂਹ ਸੰਘਰਸ਼ਸ਼ੀਲ ਕਿਸਾਨਾਂ ਨੂੰ ਮੁਬਾਰਕਬਾਦ ਦਿੱਤੀ।
ਧਰਨੇ ਦੌਰਾਨ ਅੱਜ ਰਾਕੇਸ਼ ਚੌਧਰੀ ਮੁੱਲਾਂਪੁਰ ਦਾਖਾ ਦੇ ਕਲਾਕਾਰਾਂ ਦੀ ਟੀਮ ਵੱਲੋਂ ‘ਵਿਦਰੋਹੀ’ ਨਾਟਕ ਪੇਸ਼ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਮੰਗਾਂ ਨੂੰ ਮੁੜ ਤਰਤੀਬ ਦੇ ਕੇ ਭੇਜੇ ਗਏ ਯਾਦ ਪੱਤਰ ’ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਪੂਰੀ ਵਰਤੋਂ ਦਾ ਰੋਡ ਮੈਪ ਕਿਸਾਨਾਂ ਨੂੰ ਤੁਰੰਤ ਤਿਆਰ ਕਰ ਕੇ ਦਿਵਾਇਆ ਜਾਵੇ। ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਸਰਕਾਰੀ ਜਲ ਸਪਲਾਈ ਪ੍ਰਬੰਧ ਪਹਿਲਾਂ ਵਾਂਗ ਬਹਾਲ ਕਰਨ ਬਾਰੇ ਠੋਸ ਯੋਜਨਾ ਬਣਾਉਣ ਦਾ ਵਚਨ ਦਿੱਤਾ ਜਾਵੇ। ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਲਈ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਖ਼ਿਲਾਫ਼ ਚਾਰ ਜ਼ਿਲ੍ਹਿਆਂ ਵਿੱਚ ਲਗਾਤਾਰ ਧਰਨੇ ਲਾਈ ਬੈਠੇ ਕਿਸਾਨਾਂ ਨੂੰ ਮੀਟਿੰਗ ਵਿੱਚ ਤੈਅ ਹੋਏ ਤਰੀਕੇ ਮੁਤਾਬਕ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦਾ ਫ਼ੈਸਲਾ ਸਿਰੇ ਲਾ ਕੇ ਘਰਾਂ ਨੂੰ ਤੋਰਿਆ ਜਾਵੇ। ਆਪਣੀ ਜ਼ਮੀਨ ਨੂੰ ਨਿਰਵਿਘਨ ਪੱਧਰੀ/ਨੀਵੀਂ ਕਰਨ ਲਈ ਵਾਹੀਯੋਗ ਜ਼ਮੀਨ ਨੂੰ ਮਾਈਨਿੰਗ ਕਾਨੂੰਨ ’ਚੋਂ ਬਾਹਰ ਕੱਢਿਆ ਜਾਵੇ, ਝੋਨੇ ਦੇ ਔਸਤ ਝਾੜ ਅਤੇ ਕਾਸ਼ਤ ਗਿਰਦਾਵਰੀ ਦੀਆਂ ਸ਼ਰਤਾਂ ਰੱਦ ਕਰ ਕੇ ਅਤੇ ਨਮੀ 22% ਕਰ ਕੇ ਨਿਰਵਿਘਨ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੁਦਰਤੀ ਕਰੋਪੀਆਂ ਜਾਂ ਨਵੇਂ-ਨਵੇਂ ਰੋਗਾਂ ਕਾਰਨ ਹੋਏ ਫ਼ਸਲਾਂ ਦੇ ਖਰਾਬੇ ਦੀ ਰਹਿੰਦੀ ਗਿਰਦਾਵਰੀ ਤੁਰੰਤ ਮੁਕੰਮਲ ਕਰ ਕੇ ਤੈਅਸ਼ੁਦਾ ਮੁਆਵਜ਼ਾ ਕਾਸ਼ਤਕਾਰਾਂ ਅਤੇ ਖੇਤ ਮਜ਼ਦੂਰਾਂ ਨੂੰ ਦੇਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ। ਮੁੱਖ ਬੁਲਾਰਿਆਂ ’ਚ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਸੁਦਾਗਰ ਸਿੰਘ ਘੁਡਾਣੀ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਸਿੰਘ ਮੱਲਣ (ਮੁਕਤਸਰ) ਨੇ ਨਿਭਾਈ। ਭਰਾਤਰੀ ਜਥੇਬੰਦੀ ਟੌਲ ਪਲਾਜ਼ਾ ਮੁਲਾਜ਼ਮ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਲੱਡੀ ਨੇ ਕਿਸਾਨ ਮੋਰਚੇ ਦੀ ਹਮਾਇਤ ਦਾ ਐਲਾਨ ਕੀਤਾ।