ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 6 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂਆਂ ਦੀ ਅਗਵਾਈ ਹੇਠ ਹਰਿਆਣਾ ਕਿਸਾਨ ਮੰਚ ਵੱਲੋਂ ਅੱਜ ਇੱਥੋਂ ਦੀ ਅਨਾਜ ਮੰਡੀ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਵਾਈ ਗਈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਲਖਮੀਰਪੁਰ ਖੀਰੀ ਖੂਨੀ ਕਾਂਡ ਨੇ ਭਾਰਤ ਵਾਸੀਆਂ ਨੂੰ ਇੱਕ ਵਾਰ ਫਿਰ ਜੱਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਯਾਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਣਾ ਚਾਹੀਦਾ ਹੈ ਪਰ ਯੂਪੀ ਸਰਕਾਰ ਮੁਲਜ਼ਮਾਂ ਨਾਲ ਰਲੀ ਹੋਈ ਹੈ।
ਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ। ਕਿਸਾਨ ਸਭਾ ਦੇ ਜਰਨਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ 9 ਅਗਸਤ 1942 ਨੂੰ ਦੇਸ਼ ਦੇ ਲੋਕਾਂ ਵੱਲੋਂ ਅੰਗਰੇਜ਼ਾਂ ਖ਼ਿਲਾਫ ‘ਭਾਰਤ ਛੱਡੋ’ ਅੰਦੋਲਨ ਚਲਾਇਆ ਗਿਆ ਸੀ ਤੇ ਹੁਣ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਕਰਨ ਵਾਲੀ ਮੋਦੀ ਸਰਕਾਰ ਖ਼ਿਲਾਫ ‘ਗੱਦੀ ਛੱਡੋ’ ਅੰਦੋਲਨ ਚਲਾਇਆ ਜਾ ਰਿਹਾ ਹੈ।
ਕਾਮਰੇਡ ਸਵਰਨ ਸਿੰਘ ਵਿਰਕ ਅਤੇ ਡਾਕਟਰ ਸੁਖਦੇਵ ਜੰਮੂ ਨੇ ਜਮਹੂਰੀਅਤ ਦੀ ਪਰਿਭਾਸ਼ਾ, ਇਸ ਦੇ ਇਤਿਹਾਸ, ਜਮਹੂਰੀ ਹੱਕਾਂ ਦੀ ਚੇਤਨਾ ਅਤੇ ਜਮਹੂਰੀ ਹੱਕਾਂ ਦੇ ਸੰਘਰਸ਼ ਬਾਰੇ ਜਾਣੂ ਕਰਵਾਇਆ। ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਤੇ ਹਰਿਆਣਾ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਮੌਜੂਦਾ ਫਾਸ਼ੀਵਾਦੀ ਹਕੂਮਤ ਨੇ ਲੋਕਾਂ ਤੋਂ ਜਮਹੂਰੀ ਹੱਕ ਖੋਹਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਇਸ ਮੌਕੇ ਮਦਨ ਲਾਲ, ਲੱਖਾ ਸਿੰਘ, ਗੁਰਦੀਪ ਸਿੰਘ ਬਾਬਾ, ਬਲਰਾਜ ਬਣੀ, ਮਨਦੀਪ ਸਿੰਘ ਨਥਵਾਨ, ਦਰਸ਼ਨ ਕੌਰ ਜੌੜਾ, ਬਲਵੰਤ ਸਿੰਘ ਅਤੇ ਸੁਖਜੀਤ ਲਹਿਗੇਵਾਲਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।