ਪਾਲ ਸਿੰਘ ਨੌਲੀ
ਜਲੰਧਰ, 24 ਦਸੰਬਰ
ਦੇਸ਼ ਭਗਤ ਯਾਦਗਾਰ ਕਮੇਟੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਉੱਠੇ ਦੇਸ਼ਿਵਆਪੀ ਅੰਦੋਲਨ ਦੀ ਹਮਾਇਤ ਵਿੱਚ ਅੱਜ ਵਿਚਾਰ-ਚਰਚਾ ਕੀਤੀ। ਆਜ਼ਾਦੀ ਸੰਗਰਾਮ ਦੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ, ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਏ ਇਸ ਸਮਾਗਮ ’ਚ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਤਰਕਸ਼ੀਲਾਂ, ਜਮਹੂਰੀ ਕਾਮਿਆਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਿਰਕਤ ਕਰ ਕੇ ਸੰਘਰਸ਼ਸ਼ੀਲ ਸੰਸਥਾਵਾਂ ਅਤੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਤੇ ਕਿਸਾਨਾਂ ਦੇ ਅੰਦੋਲਨ ਨੂੰ ਨਵਾਂ ਇਤਿਹਾਸ ਸਿਰਜਣ ਵਾਲਾ ਦੱਸਿਆ। ਦਿੱਲੀ ਮੋਰਚੇ ’ਚ ਸ਼ਹਾਦਤ ਪਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਮਾਹੌਲ ਗ਼ਮਗੀਨ ਅਤੇ ਰੋਹ ਵਾਲਾ ਹੋ ਗਿਆ।
ਇਤਿਹਾਸ ਦੇ ਖੋਜੀ ਲੇਖਕ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ 1938 ਦੇ ਕਿਸਾਨ ਮੋਰਚੇ ਮੌਕੇ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਅਤੇ ਅਗਲੇ ਪੜਾਵਾਂ ਮੌਕੇ ਅਨੇਕ ਗ਼ਦਰੀ ਬਾਬਿਆਂ, ਕਿਰਤੀ ਲਹਿਰ ਦੇ ਕਾਮਿਆਂ ਦੀਆਂ ਅਮਿੱਟ ਕੁਰਬਾਨੀਆਂ ਨੇ ਹੀ ਇਤਿਹਾਸ ਦੇ ਸਫ਼ੇ ’ਤੇ ਲਿਖ ਦਿੱਤਾ ਸੀ ਕਿ ਜਦੋਂ ਤਕ ਕਿਰਤੀ, ਕਿਸਾਨਾਂ ਦੀ ਜ਼ਿੰਦਗੀ ਆਜ਼ਾਦ ਨਹੀਂ ਹੁੰਦੀ, ਉਦੋਂ ਤਕ ਲੋਕ ਸੰਗਰਾਮ ਜਾਰੀ ਰਹੇਗਾ। ਅਜੋਕਾ ਕਿਸਾਨ ਅਤੇ ਜਨ-ਅੰਦੋਲਨ ਉਸ ਇਤਿਹਾਸ ਅਤੇ ਵਿਰਾਸਤ ਦੀ ਮਾਣ-ਮੱਤੀ ਕੜੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ-ਮਜ਼ਦੂਰਾਂ, ਦੁਕਾਨਦਾਰਾਂ, ਪੱਲੇਦਾਰਾਂ, ਲਈ ਮੁਕੰਮਲ ਤਬਾਹੀ ਅਤੇ ਮੌਤ ਦੇ ਦੁਆਰ ਖੋਲ੍ਹਣ ਜਾ ਰਹੇ ਹਨ। ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰ ਕੋਛੜ ਨੇ ਕਿਹਾ ਕਿ ਸਾਡੀ ਧਰਤੀ ’ਤੇ ਸਮਾਜਿਕ ਤਬਦੀਲੀ ਦਾ ਨਵਾਂ ਸੂਰਜ ਚੜ੍ਹ ਰਿਹਾ ਹੈ।
ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਬਿਜਲੀ ਤਜਵੀਜ਼ਤ ਬਿੱਲ ਦੇ ਦੁਰ-ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਕਮੇਟੀ ਦੇ ਮੈਂਬਰ ਅਮੋਲਕ ਸਿੰਘ ਨੇ ਕਿਹਾ ਕਿ ਮੌਜੂਦਾ ਘੋਲ ਕਲਮ, ਕਲਾ, ਲੋਕਾਂ ਅਤੇ ਲੋਕ ਘੋਲ ਦੀ ਜੋਟੀ ਪਾਉਣ ਦਾ ਨਵਾਂ ਇਤਿਹਾਸਕ ਵਰਕਾ ਲਿਖ ਰਿਹਾ ਹੈ।
ਬੇਜ਼ਮੀਨੇ ਕਿਰਤੀਆਂ ਦਾ ਮੁੱਦਾ ਵੀ ਮੋਰਚਿਆਂ ’ਚ ਪਰ ਤੋਲਣ ਲੱਗਾ
ਦਿੱਲੀ ਕਿਸਾਨ ਅੰਦੋਲਨ ਵਿੱਚ ਬੇਜ਼ਮੀਨੇ ਕਿਰਤੀਆਂ ਦੀ ਛਿੜੀ ਚਰਚਾ ਨੇ ਇਸ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੀਆਂ ਤਾਂ ਜ਼ਮੀਨਾਂ ਖੋਹ ਲੈਣਗੇ ਪਰ ਬੇਜ਼ਮੀਨੇ ਲੋਕਾਂ ਦੀਆਂ ਜ਼ਿੰਦਗੀਆਂ ਖੋਹ ਲੈਣਗੇ। ਇਨ੍ਹਾਂ ਬੇਜ਼ਮੀਨੇ ਕਿਰਤੀਆਂ ਦੇ ਵਿਹੜਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਜਾ ਰਿਹਾ ਹੈ। ਬੇਜ਼ਮੀਨੇ ਲੋਕਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਮੁੱਦਾ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਮੋਰਚਿਆਂ ਦਾ ਕੇਂਦਰ ਬਿੰਦੂ ਹੋਵੇਗਾ।