ਚਰਨਜੀਤ ਭੁੱਲਰ
ਚੰਡੀਗੜ੍ਹ, 4 ਮਾਰਚ
ਬਜਟ ਇਜਲਾਸ ’ਚ ਸਿਫਰ ਕਾਲ ਦੌਰਾਨ ‘ਆਪ’ ਵਿਧਾਇਕ ਬਲਜਿੰਦਰ ਕੌਰ ਨੇ ਦਿੱਲੀ ਵਿਚ ਕਿਸਾਨ ਘੋਲ ਦੌਰਾਨ 26 ਜਨਵਰੀ ਦੇ ਮਾਮਲੇ ਨੂੰ ਲੈ ਕੇ ਦਰਜ ਕੀਤੇ ਝੂਠੇ ਪੁਲੀਸ ਕੇਸ ਰੱਦ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਘੋਲ ਵਿਚ ਔਰਤਾਂ ਤੇ ਬੱਚੇ ਵੀ ਕੁੱਦੇ ਹੋਏ ਹਨ। ਉਨ੍ਹਾਂ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਸੱਤ ਵਿਅਕਤੀਆਂ ’ਤੇ ਕੇਸ ਦਰਜ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਗਰ ਕਿਸਾਨ ਹਿਤੈਸ਼ੀ ਹੈ ਤਾਂ ਫੌਰੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਦਿੱਲੀ ਵਿਚ ਦਰਜ ਝੂਠੇ ਕੇਸ ਰੱਦ ਕਰਾਵੇ।
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਹਲਕਾ ਦਾਖਾ ਵਿਚ ਹਾਕਮ ਧਿਰ ਵੱਲੋਂ ਚੁਣੇ ਹੋਏ ਸਰਪੰਚਾਂ ਪੰਚਾਂ ’ਤੇ ਦਰਜ ਕੀਤੇ ਝੂਠੇ ਕੇਸਾਂ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਰਾਭਾ ਅਤੇ ਈਸੇਵਾਲ ਦੇ ਸਰਪੰਚਾਂ ’ਤੇ ਝੂਠੇ ਕੇਸ ਦਰਜ ਕਰ ਦਿੱਤੇ। ਉਨ੍ਹਾਂ ਇੱਕ ਥਾਣੇਦਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕੇਸਾਂ ਦਾ ਹਾਕਮ ਧਿਰ ਨੂੰ 2022 ਚੋਣਾਂ ਵਿਚ ਖਮਿਆਜ਼ਾ ਭੁਗਤਣਾ ਪਵੇਗਾ। ਸਿਫਰ ਕਾਲ ਦੌਰਾਨ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਅਮਲੋਹ ਹਲਕੇ ’ਚ ਦੋ ਬੱਚਿਆਂ ਦੀ ਹੋਈ ਮੌਤ ਦਾ ਮਾਮਲਾ ਉਠਾਇਆ ਅਤੇ ਮੁਆਵਜ਼ੇ ਦੀ ਮੰਗ ਚੁੱਕੀ। ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂੁਮਾਜਰਾ ਨੇ ਕਿਹਾ ਕਿ ਕਿਸਾਨ ਘੋਲ ਦੌਰਾਨ ਜੋ ਕਿਸਾਨ ਸ਼ਹੀਦ ਹੋ ਗਏ ਹਨ, ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦਾ ਮੁਕੰਮਲ ਕਰਜ਼ਾ ਮੁਆਫ ਕੀਤਾ ਜਾਵੇ। ਉਨ੍ਹਾਂ ਤੇਲ ਕੀਮਤਾਂ ਦੇ ਮਾਮਲੇ ’ਤੇ ਵੀ ਗੱਲ ਰੱਖੀ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਭਿਖੀਵਿੰਡ ’ਚ ਸ਼ਹੀਦ ਹੋਏ ਕਾਮਰੇਡ ਬਲਵਿੰਦਰ ਸਿੰਘ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜਦੋਂ ਕਿ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਾਈਵੇਟ ਨੌਕਰੀਆਂ ਵਿੱਚ ਹਰਿਆਣਾ ਦੀ ਤਰਜ਼ ’ਤੇ ਪੰਜਾਬ ਵਿਚ 75 ਫੀਸਦੀ ਰਾਖਵਾਂਕਰਨ ਪੰਜਾਬੀਆਂ ਲਈ ਕੀਤਾ ਜਾਵੇ ਜੋ 50 ਹਜ਼ਾਰ ਤੋਂ ਘੱਟ ਵਾਲੀ ਤਨਖਾਹ ਦੀ ਕੈਟਾਗਿਰੀ ਵਿਚ ਆਉਂਦੀਆਂ ਹਨ। ਵਿਧਾਇਕ ਪਿਰਮਲ ਸਿੰਘ ਨੇ ਭਦੌੜ ਹਲਕੇ ਦੇ ਦੋ ਪ੍ਰਾਈਵੇਟ ਸਕੂਲਾਂ ਵੱਲੋਂ ਵੱਧ ਫੀਸਾਂ ਵਸੂਲੇ ਜਾਣ ਦਾ ਮਾਮਲਾ ਉਠਾਇਆ ਜਦੋਂ ਕਿ ਸ਼ਰਨਜੀਤ ਸਿੰਘ ਢਿਲੋਂ ਨੇ ਤੇਲ ਕੀਮਤਾਂ ਵਿਚ ਵਾਧੇ ਦੀ ਗੱਲ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਦਿੱਲੀ ਵਿਚ ਧਰਨੇ ਲਾਵੇ ਤਾਂ ਉਹ ਵੀ ਤਿਆਰ ਹਨ।
ਰਾਜਸਥਾਨੀ ਕਿਸਾਨਾਂ ਤੋਂ ਸਿੱਖੇ ਪੰਜਾਬ: ਮਨਪ੍ਰੀਤ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਦਨ ’ਚ ਕਿਹਾ ਕਿ ਪੰਜਾਬ ਕੇਂਦਰ ਨੂੰ ਕਣਕ ਝੋਨਾ ਨਹੀਂ ਬਲਕਿ ਆਪਣਾ ਪਾਣੀ ਵੇਚ ਰਿਹਾ ਹੈ, ਕਿਉਂਕਿ ਇੱਕ ਕਿਲੋ ਚੌਲਾਂ ਦੀ ਪੈਦਾਵਾਰ ’ਤੇ ਪੰਜ ਹਜ਼ਾਰ ਲੀਟਰ ਪਾਣੀ ਦੀ ਖ਼ਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਬੱਚਤ ਬਾਰੇ ਪੰਜਾਬ ਨੂੰ ਰਾਜਸਥਾਨੀ ਕਿਸਾਨਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਕਣਕ ਝੋਨੇ ਦੇ ਗੇੜ ’ਚੋਂ ਨਿਕਲਣਾ ਪੈਣਾ ਹੈ। ਉਨ੍ਹਾਂ ਇਜ਼ਰਾਈਲ ਵੱਲੋਂ ਪਾਣੀ ਦੀ ਕੀਤੀ ਜਾਂਦੀ ਵੁੱਕਤ ਦੀ ਮਿਸਾਲ ਵੀ ਦਿੱਤੀ। ਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਖੁਦ ਵੀ ਰਾਜਸਥਾਨ ਵਿਚਲੀ ਖੇਤੀ ਤੋਂ ਵਧੇਰੇ ਆਮਦਨ ਆਉਂਦੀ ਹੈ।