ਆਤਿਸ਼ ਗੁਪਤਾ
ਚੰਡੀਗੜ੍ਹ, 12 ਦਸੰਬਰ
ਖੇਤੀ ਖ਼ਿਲਾਫ਼ ਲਗਾਇਆ ਮੋਰਚਾ ਫ਼ਤਹਿ ਕਰ ਕੇ ਪੰਜਾਬ ਦੇ ਕਿਸਾਨ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਪਿੰਡਾਂ ’ਚ ਪਹੁੰਚ ਰਹੇ ਹਨ। ਸੂਬੇ ’ਚ ਵੱਖ-ਵੱਖ ਟੌਲ ਪਲਾਜ਼ਿਆਂ ’ਤੇ ਚੱਲ ਰਹੇ ਧਰਨਿਆਂ ’ਚ ਇਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਲੋਕਾਂ ਵੱਲੋਂ ਕਿਸਾਨ ਆਗੂਆਂ ਦੇ ਹਾਰ ਪਾਏ ਜਾ ਰਹੇ ਹਨ ਅਤੇ ਕਿਸਾਨ ਬੀਬੀਆਂ ਗਿੱਧਾ ਪਾ ਕੇ ਜਸ਼ਨ ਮਨਾ ਰਹੀਆਂ ਹਨ। ਸਾਲ ਤੋਂ ਵੱਧ ਸਮਾਂ ਘਰਾਂ ਤੋਂ ਬਾਹਰ ਰਹਿਣ ਵਾਲੇ ਕਿਸਾਨਾਂ ਦਾ ਪਿੰਡਾਂ ’ਚ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਹਾਲੇ ਖ਼ਤਮ ਨਹੀਂ ਹੋਇਆ ਸਿਰਫ ਮੁਲਤਵੀ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਅਨੁਸਾਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂ ਭਲਕੇ 13 ਦਸੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣਗੇ। ਇਸ ਸਬੰਧੀ ਮਾਲਵੇ ਦੇ ਆਗੂ ਮਖੂ ਤਿਕੋਣੀ ’ਤੇ ਅਤੇ ਦੋਆਬੇ ਦੇ ਆਗੂ ਬਿਆਸ ਦਰਿਆ ਦੇ ਪੁਲ ਤੋਂ ਇਕੱਠੇ ਹੋ ਕੇ ਦਰਬਾਰ ਸਾਹਿਬ ਲਈ ਰਵਾਨਾ ਹੋਣਗੇ। ਉਸ ਤੋਂ ਬਾਅਦ 15 ਦਸੰਬਰ ਨੂੰ ਪੰਜਾਬ ’ਚ 125 ਥਾਵਾਂ ’ਤੇ ਚੱਲ ਰਹੇ ਕਿਸਾਨ ਮੋਰਚੇ ਖਤਮ ਕਰਵਾਏ ਜਾਣਗੇ।
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਵੀ ਭਲਕੇ 13 ਦਸੰਬਰ ਨੂੰ ਦਰਬਾਰ ਸਾਹਿਬ ਮੱਥਾ ਟੇਕਣਗੇ। ਟਿਕੈਤ ਨੇ ਕਿਹਾ ਕਿ ਸਾਲ ਤੋਂ ਵੱਧ ਸਮੇਂ ਤੋਂ ਮੋਰਚੇ ’ਤੇ ਡਟੇ ਕਿਸਾਨ ਘਰਾਂ ਨੂੰ ਪਰਤ ਰਹੇ ਹਨ। ਇਸ ਕਾਰਜ ਲਈ ਹਾਲੇ 2-3 ਦਿਨ ਲੱਗਣਗੇ। ਟਿਕੈਤ ਆਪ 15 ਦਸੰਬਰ ਨੂੰ ਘਰ ਜਾਣਗੇ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਹਰਿਆਣਾ ਦੇ ਕਿਸਾਨਾਂ ਦੇ ਸੱਦੇ ’ਤੇ ਜਾਣਗੇ ਅਤੇ 16 ਦਸੰਬਰ ਤੋਂ ਹੈਦਰਾਬਾਦ ਸਮੇਤ ਹੋਰ ਦੱਖਣੀ ਰਾਜਾਂ ਵਿੱਚ ਕਿਸਾਨ ਸਮਾਗਮਾਂ ਦਾ ਹਿੱਸਾ ਬਣਨਗੇ।
ਪੰਜਾਬੀਆਂ ਨੇ ਤਿੰਨ ਸੌ ਸਾਲ ਬਾਅਦ ਮੁੜ ਦਿੱਲੀ ਜਿੱਤੀ: ਰਾਜੇਵਾਲ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਮਗਰੋਂ ਸਿੰਘੂ ਹੱਦ ਤੋਂ ਆਰੰਭ ਹੋਇਆ ‘ਦਿੱਲੀ ਫ਼ਤਹਿ ਮਾਰਚ’ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਮਾਰਚ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਤੇਜਿੰਦਰ ਸਿੰਘ ਤੇਜੀ, ਸੁਖਵਿੰਦਰ ਸਿੰਘ ਭੱਟੀਆਂ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਬਾਕੀ ਸੰਗਤ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਨਤਮਤਸਕ ਹੋ ਸ਼ੁਕਰਾਨੇ ਵਜੋਂ ਅਰਦਾਸ ਕੀਤੀ। ਇਹ ‘ਦਿੱਲੀ ਫ਼ਤਹਿ ਮਾਰਚ’ ਦੇਰ ਰਾਤ ਮਾਛੀਵਾੜੇ ਪੁੱਜਿਆ, ਜਿੱਥੇ ਥਾਂ-ਥਾਂ ਇਸ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਸ੍ਰੀ ਰਾਜੇਵਾਲ ਨੇ ਕਿਹਾ ਕਿ ਤਿੰਨ ਸੌ ਸਾਲ ਪਹਿਲਾਂ ਪੰਜਾਬੀਆਂ ਨੇ ਦਿੱਲੀ ਫ਼ਤਹਿ ਕੀਤੀ ਸੀ ਅਤੇ ਅੱਜ ਫਿਰ ਇਤਿਹਾਸ ਦੁਹਰਾਉਂਦਿਆਂ ਪੰਜਾਬੀਆਂ ਨੇ ਦਿੱਲੀ ਫ਼ਤਹਿ ਕਰ ਲਈ ਹੈ। ਲੱਖੋਵਾਲ ਨੇ ਕਿਹਾ ਕਿ 17 ਦਸੰਬਰ ਨੂੰ ਕਾਂਗਰਸ ਸਰਕਾਰ ਨਾਲ ਮੀਟਿੰਗ ਹੋਵੇਗੀ ਅਤੇ ਜੇ ਵਾਅਦੇ ਮੁਤਾਬਕ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਨਾ ਕੀਤਾ ਗਿਆ ਤਾਂ ਅਗਲਾ ਮੋਰਚਾ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਜਾਵੇਗਾ।
ਸਮਰਾਲਾ (ਡੀਪੀਐੱਸ ਬੱਤਰਾ): ਦਿੱਲੀ ਮੋਰਚਾ ਫ਼ਤਹਿ ਕਰਨ ਤੋਂ ਬਾਅਦ ਜਿੱਤ ਦਾ ਬਿਗਲ ਵਜਾਉਂਦੇ ਹੋਏ ਦਿੱਲੀ ਤੋਂ ਘਰਾਂ ਨੂੰ ਪਰਤਦੇ ਕਿਸਾਨਾਂ ਦਾ ਬੀਤੀ ਦੇਰ ਰਾਤ ਸਮਰਾਲਾ ਵਿੱਚ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਲੋਕਾਂ ਨੇ ਆਪਣੇ ਘਰਾਂ ਦੇ ਬਨੇਰਿਆਂ ’ਤੇ ਦੀਪਮਾਲਾ ਕੀਤੀ ਹੋਈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸਮੁੱਚੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੀ ਇੱਕਜੁਟਤਾ ਕਾਰਨ ਸੰਭਵ ਹੋਈ ਹੈ। ਕਿਸਾਨਾਂ ਦੀ ਇਹ ਜਿੱਤ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਵੇਗੀ।
ਕਿਸਾਨ ਆਗੂ ਗੁਰਦੁਆਰਾ ਦੂਖਨਿਵਾਰਨ ਸਾਹਿਬ ਨਤਮਸਤਕ
ਪਟਿਆਲਾ (ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨ ਰੱਦ ਕਰਵਾ ਕੇ ਦਿੱਲੀਓਂ ਫ਼ਤਹਿ ਮਾਰਚ ਦੇ ਰੂਪ ਵਿਚ ਪਰਤੇ ਕਿਸਾਨ ਆਗੂ ਅੱਜ ਇੱਥੇ ਗੁਰਦਵਾਰਾ ਦੂਖਨਿਵਾਰਨ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਭਾਈ ਅਜਮੇਰ ਸਿੰਘ ਵੱਲੋਂ ਕਿਸਾਨ ਜਥੇਬੰਦੀਆਂ ਦੀ ਚੜ੍ਹਦੀ ਕਲਾ ਅਤੇ ਕਿਸਾਨ ਸੰਘਰਸ਼ ਦੌਰਾਨ ਮਿਲੀ ਜਿੱਤ ਲਈ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਸਮੇਤ ਹੋਰ ਕਿਸਾਨ ਆਗੂਆਂ ਦਾ ਸਨਮਾਨ ਕੀਤਾ।
ਸਾਂਝਾ ਸੰਘਰਸ਼, ਸਾਂਝੀਆਂ ਖ਼ੁਸ਼ੀਆਂ