ਜਗਮੋਹਨ ਸਿੰਘ
ਰੂਪਨਗਰ , 2 ਜਨਵਰੀ
ਕਿਰਤੀ ਕਿਸਾਨ ਮੋਰਚਾ ਨੇ ਜ਼ਿਲ੍ਹੇ ਅੰਦਰ ਰੇਤਾ ਬਜਰੀ ਲੈਣ ਆਉਂਦੇ ਵਾਹਨਾਂ ਦੀ ਰਾਇਲਟੀ ਦੇ ਨਾਮ ’ਤੇ ਗੁੰਡਾ ਪਰਚੀ ਮੰਗਣ ਵਾਲਿਆਂ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਮੋਰਚਾ ਦੇ ਬਲਾਕ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸਸਤਾ ਰੇਤਾ ਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਲਈ ਰਾਇਲਟੀ ਦੇ ਰੇਟਾਂ ਵਿੱਚ ਭਾਰੀ ਛੋਟ ਦਿੱਤੀ ਹੈ, ਪਰ ਇਸ ਛੋਟ ਦਾ ਲਾਭ ਆਮ ਲੋਕਾਂ ਨੂੰ ਦੇਣ ਦੀ ਥਾਂ ਖਣਨ ਠੇਕੇਦਾਰਾਂ ਦੀਆਂ ਤਿਜੌਰੀਆਂ ਵਿੱਚ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਣਨ ਠੇਕੇਦਾਰ ਆਸਪੁਰ ਕੋਟਬਾਲਾ ਸਮੇਤ ਹੋਰ ਮਨਜ਼ੂਰਸ਼ੁਦਾਂ ਖੱਡਾਂ ਵਿੱਚ ਬੈਠ ਕੇ ਸਰਕਾਰੀ ਰੇਟਾਂ ਅਨੁਸਾਰ ਗਰੈਵਰ ਤੇ ਰੇਤਾ ਨਹੀਂ ਦੇ ਰਹੇ ਅਤੇ ਉਨ੍ਹਾਂ ਦੇ ਕਰਿੰਦੇ ਕਰੱਸ਼ਰਾਂ ਤੋਂ ਮਾਲ ਲਿਆਉਣ ਵਾਲੇ ਵਾਹਨਾਂ ਨੂੰ ਘੇਰ ਕੇ ਰਾਇਲਟੀ ਦੇ ਨਾਮ ’ਤੇ ਗੁੰਡਾ ਟੈਕਸ ਮੰਗਦੇ ਹਨ ਅਤੇ ਇਨਕਾਰ ਕਰਨ ’ਤੇ ਕਥਿਤ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਅੱਜ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਤੋਂ ਮੰਗ ਕੀਤੀ ਹੈ ਕਿ ਗੈਰ-ਕਾਨੂੰਨੀ ਤੌਰ ’ਤੇ ਬੈਠੇ ਪ੍ਰਾਈਵੇਟ ਵਿਅਕਤੀਆਂ ਨੂੰ ਤੁਰੰਤ ਖਦੇੜਿਆ ਜਾਵੇ। ਕੁੱਝ ਕਰੱਸ਼ਰ ਮਾਲਕਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਖਣਨ ਠੇਕੇਦਾਰ ਵੱਲੋਂ ਉਨ੍ਹਾਂ ਤੋਂ ਆਸਪੁਰ ਕੋਟਬਾਲਾ ਡੀ-ਸਿਲਟਿੰਗ ਸਾਈਟ ਤੋਂ ਕੱਚਾ ਮਾਲ ਅਤੇ ਪੱਕੇ ਮਾਲ ਦੀ 3.50-3.50 ਰੁਪਏ ਰਾਇਲਟੀ ਮੰਗੀ ਜਾ ਰਹੀ ਹੈ ਅਤੇ ਅਜਿਹਾ ਨਾ ਕਰਨ ’ਤੇ ਕਰੱਸ਼ਰਾਂ ਨੂੰ ਸੀਲ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਉਧਰ, ਖਣਨ ਠੇਕੇਦਾਰ ਰਾਕੇਸ਼ ਚੌਧਰੀ ਨੇ ਕਿਹਾ ਕਿ ਆਸਪੁਰ ਕੋਟਬਾਲਾ ਦੀ ਡੀ-ਸਿਲਟਿੰਗ ਸਾਈਟ ’ਤੇ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਰੇਟ ਅਨੁਸਾਰ 5.50 ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਨਕਦ ਅਦਾਇਗੀ ਕਰਕੇ ਗਰੈਵਰ ਤੇ ਰੇਤਾ ਲਿਆ ਜਾ ਸਕਦਾ ਹੈ ਅਤੇ ਉਨ੍ਹਾਂ ਵੱਲੋਂ ਕਰੱਸ਼ਰਾਂ ਨੂੰ ਜਾਂਦੇ ਰਸਤਿਆਂ ’ਤੇ ਆਪਣੇ ਮੁਲਾਜ਼ਮਾਂ ਨੂੰ ਗੈਰ-ਕਾਨੂੰਨੀ ਖਣਨ ਦੀ ਨਿਗਰਾਨੀ ਰੱਖਣ ਲਈ ਬਿਠਾਇਆ ਹੋਇਆ ਹੈ। ਇਨ੍ਹਾਂ ਮੁਲਾਜ਼ਮਾਂ ’ਚੋਂ ਜੇ ਕੋਈ ਵਾਹਨ ਚਾਲਕ ਤੋਂ ਪੈਸਾ ਮੰਗਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਬੰਧਤ ਵਿਭਾਗ ਦੇ ਐੱਸ.ਡੀ.ਓ. ਨਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ। ਸ਼ਿਕਾਇਤ ਮਿਲਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।