ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਕਿਰਤੀ ਕਿਸਾਨ ਫੋਰਮ ਵੱਲੋਂ ਇੱਥੇ ਕਰਾਏ ਸੈਮੀਨਾਰ ’ਚ ਪੰਜਾਬ ਦੀ ਖੇਤੀ ਦੀਆਂ ਚੁਣੌਤੀਆਂ ਅਤੇ ਉਨ੍ਹਾਂ ’ਚੋਂ ਨਵੇਂ ਰਾਹ ਤਲਾਸ਼ੇ ਜਾਣ ਦੇ ਮੁੱਦੇ ’ਤੇ ਨਵਾਂ ਖਾਕਾ ਪੇਸ਼ ਕੀਤਾ ਗਿਆ। ਮੁੱਖ ਬੁਲਾਰੇ ਪ੍ਰੋ. ਪ੍ਰੀਤਮ ਸਿੰਘ, ਆਕਸਫੋਰਡ ਬਰੂਕਸ ਸਕੂਲ (ਯੂ.ਕੇ) ਨੇ ਵਾਤਾਵਰਨ ’ਚ ਪੈਦਾ ਹੋ ਰਹੇ ਵਿਗਾੜਾਂ ਨੂੰ ਪੰਜਾਬ ਦੇ ਵਜੂਦ ਲਈ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਤਬਾਹੀ ਤੋਂ ਬਚਣ ਲਈ ਵਿਕਾਸ ਦੀ ਅਜਿਹੀ ਲੀਹ ਬਣਾਉਣੀ ਪਵੇਗੀ, ਜੋ ਪੰਜਾਬ ਦੇ ਅਨੁਕੂਲ ਹੋਵੇ। ਪੰਜਾਬ ਦੇ ਦੂਸ਼ਿਤ ਹੋ ਰਹੀ ਹਵਾ ਤੇ ਪਾਣੀ ਅਤੇ ਧਰਤੀ ਹੇਠਲੇ ਪਾਣੀ ਦਾ ਡੂੰਘਾ ਚਲਾ ਜਾਣਾ ਅਸਲ ਵਿੱਚ ਇੱਕ ਖਾਮੋਸ਼ ਖਤਰਾ ਹੈ। ਪ੍ਰੋ. ਪ੍ਰੀਤਮ ਸਿੰਘ ਨੇ ਕਿਹਾ ਕਿ ਖੇਤੀ ਨੂੰ ਪੂੰਜੀਵਾਦ ਅਤੇ ਕੇਂਦਰੀ ਹਮਲੇ ਤੋਂ ਬਚਾਉਣ ਲਈ ਕਿਸਾਨ ਭਾਈਚਾਰੇ ਨੂੰ ਅੱਗੇ ਆਉਣਾ ਪਵੇਗਾ ਅਤੇ ਖੇਤੀ ਦੀ ਮੌਜੂਦਾ ਧਾਰਾ ਨੂੰ ਬਦਲਣਾ ਹੋਵੇਗਾ। ਹਰੀ ਕ੍ਰਾਂਤੀ ਦੇ ਖੇਤੀ ਮਾਡਲ ਨੇ ਪੰਜਾਬ ਦੇ ਵਾਤਾਵਰਨ ਨੂੰ ਬਰਬਾਦ ਕੀਤਾ ਹੈ, ਜਿਸ ਕਰਕੇ ਹੁਣ ਵਾਤਾਵਰਨ ਪੱਖੀ ਖੇਤੀ ਵਿਕਾਸ ਚੁਣਨਾ ਹੋਵੇਗਾ ਅਤੇ ਜੈਵਿਕ ਖੇਤੀ ਵੀ ਨਵੇਂ ਰਾਹ ਦਿਖਾ ਰਹੀ ਹੈ। ਸੈਮੀਨਾਰ ਦੀ ਪ੍ਰਧਾਨਗੀ ਕਿਰਤੀ ਕਿਸਾਨ ਮੰਚ ਦੇ ਪ੍ਰਧਾਨ ਅਤੇ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਐੱਸਐੱਸ ਬੋਪਾਰਾਏ ਨੇ ਕੀਤੀ। ਸੈਮੀਨਾਰ ਵਿੱਚ ਉੱਘੇ ਖੁਰਾਕ ਨੀਤੀ ਵਿਸ਼ਲੇਸਕ ਦਵਿੰਦਰ ਸ਼ਰਮਾ ਨੇ ਕਿਹਾ ਕਿ ਸਨਅਤਾਂ ਅੱਗੇ ਖੇਤੀ ਨੂੰ ਢੇਰੀ ਕਰਨ ਦੀ ਪੁਰਾਣੀ ਆਰਥਿਕ ਸੋਚ ਨੂੰ ਹੁਣ ਉਲਟਾਉਣ ਦਾ ਵਕਤ ਆ ਗਿਆ ਹੈ। ਉਨ੍ਹਾਂ ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸੰਕਟ ਚੋਂ ਇਸ ਬਿਨਾਂ ਕੱਢਿਆ ਨਹੀਂ ਜਾ ਸਕਦਾ ਹੈ।
ਦਵਿੰਦਰ ਸ਼ਰਮਾ ਨੇ ਕਈ ਸਪੇਨ ਦੀ ਮਿਸਾਲ ਵੀ ਦਿੱਤੀ ਜਿਥੇ ਫਰਵਰੀ 2020 ਵਿਚ ਇੱਕ ਅਜਿਹਾ ਕਾਨੂੰਨ ਬਣਾਇਆ ਗਿਆ ਹੈ ਜਿਸ ਵਿਚ ਖੇਤੀ, ਪਸ਼ੂ ਧਨ, ਮੱਛੀ ਪਾਲਣ, ਜੰਗਲਾਤ ਖੇਤਰਾਂ ਵਿਚ ਉਤਪਾਦਨ ਦੀ ਲਾਗਤ ਤੋਂ ਘੱਟ ਕਿਸੇ ਵੀ ਖਰੀਦ ਨੂੰ ਗੈਰਕਾਨੂੰਨੀ ਬਣਾਇਆ ਗਿਆ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਪਾਰੀਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵੀ ਅਜਿਹਾ ਕਰ ਸਕਦਾ ਹੈ। ਸਾਬਕਾ ਆਈਏਐਸ ਅਧਿਕਾਰੀ ਜੀਕੇ ਸਿੰਘ ਨੇ ਪਿੰਡ ਦੇ ਸਵੈ ਟਿਕਾਊ ਵਿਕਾਸ ਬਾਰੇ ਇੱਕ ਪੇਪਰ ਵੀ ਪੇਸ਼ ਕੀਤਾ। ਉਨ੍ਹਾਂ ਪੇਪਰ ਜ਼ਰੀਏ ਦੱਸਿਆ ਕਿ ਪਿੰਡਾਂ ਨੂੰ ਕਿਵੇਂ ਆਤਮ ਨਿਰਭਰ ਬਣਾਇਆ ਜਾ ਸਕਦਾ ਹੈ। ਸੇਵਾ ਮੁਕਤ ਕਰਨਲ ਸੀਐੱਮ ਲਖਨਪਾਲ ਨੇ ਲੁਧਿਆਣਾ ਦੇ ਵਿਸ਼ੇਸ਼ ਹਵਾਲੇ ਨਾਲ ਵਾਤਾਵਰਨ ਸੰਕਟ ਅਤੇ ਸਤਲੁਜ ਸਮੇਤ ਵੱਖ-ਵੱਖ ਜਲ ਸਰੋਤਾਂ ਦੇ ਪ੍ਰਦੂਸ਼ਣ ਬਾਰੇ ਪੱਖ ਰੱਖੇ।