ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਪਰੈਲ
ਪੰਜਾਬ ਅਤੇ ਹਰਿਆਣਾ ਵਿੱਚ ਮਾਰਚ ਮਹੀਨੇ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਸਮੇਂ ਹਨੇਰੀ ਤੋਂ ਬਾਅਦ ਹੋਈ ਕਿਣਮਿਣ ਨਾਲ ਤਾਪਮਾਨ ਘਟ ਗਿਆ ਪਰ ਮੰਡੀਆਂ ’ਚ ਬੈਠੇ ਕਿਸਾਨਾਂ ਦਾ ਸਾਹ ਸੂਤਿਆ ਗਿਆ। ਹਨੇਰੀ ਤੇ ਕਿਣ-ਮਿਣ ਕਾਰਨ ਵਾਢੀ ਦਾ ਕੰਮ ਵੀ ਰੁੱਕ ਿਗਆ। ਮੌਸਮ ਵਿਭਾਗ ਨੇ ਅਗਲੇ 4-5 ਦਿਨ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਸਵੇਰ ਤੋਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋ ਗਿਆ ਸੀ। ਸ਼ਾਮ ਸਮੇਂ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਬਰਨਾਲਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਨਵਾਂ ਸ਼ਹਿਰ ਦੇ ਇਲਾਕਿਆਂ ਵਿੱਚ ਹਨੇਰੀ ਤੋਂ ਬਾਅਦ ਹੋਈ ਕਿਣਮਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਉਧਰ ਵਿਗੜ ਜਾਣ ਨਾਲ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੇ ਸੂਹ ਸੂਤੇ ਰਹੇ। ਮਜ਼ਦੂਰ ਮੰਡੀਆਂ ਵਿੱਚ ਪਈ ਕਣਕ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢਕਦੇ ਦਿਸੇ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 38.4, ਲੁਧਿਆਣਾ ਵਿੱਚ 39.4, ਪਟਿਆਲਾ ’ਚ 40.2, ਪਠਾਨਕੋਟ ’ਚ 38.7, ਫਰੀਦਕੋਟ ’ਚ 39.6 , ਗੁਰਦਾਸਪੁਰ ’ਚ 37.5, ਬਰਨਾਲਾ ਵਿੱਚ 40.5 , ਫਿਰੋਜ਼ਪੁਰ ’ਚ 39.4, ਹੁਸ਼ਿਆਰਪੁਰ ’ਚ 40.6, ਮੁਕਤਸਰ ’ਚ 40.3 ਅਤੇ ਮੁਹਾਲੀ ਵਿੱਚ 39.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿੱਚ ਹਿਸਾਰ 42.1 ਡਿਗਰੀ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ ਹੈ। ਮੌਸਮ ਵਿਭਾਗ ਦੇ ਅਧਿਕਾਰੀ ਸ਼ਿਵੇਂਦਰ ਨੇ ਦੱਸਿਆ ਕਿ ਦੱਖਣੀ ਵਿਗਾੜ ਕਰਕੇ ਸ਼ਾਮ ਨੂੰ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਕਿਣਮਿਣ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੇ 4-5 ਦਿਨ ਮੌਸਮ ਖੁਸ਼ਕ ਰਹੇਗਾ ਤੇ ਤਾਪਮਾਨ ਪਹਿਲਾਂ ਦੇ ਮੁਕਾਬਲੇ ਵਧ ਸਕਦਾ ਹੈ।
ਮੀਂਹ ਰੁਕਣ ਉਪਰੰਤ ਖਰੀਦ ਮੁੜ ਸ਼ੁਰੂ ਕਰਨ ਦੇ ਹੁਕਮ
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਰੁਕਣ ਦੇ ਕੁਝ ਘੰਟਿਆਂ ਅੰਦਰ ਮੰਡੀਆਂ ਦਾ ਕੰਮਕਾਜ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਾਮ ਸਮੇਂ ਹਨੇਰੀ ਅਤੇ ਝੱਖੜ ਤੋਂ ਬਾਅਦ ਹੋਈ ਕਿਣਮਿਣ ਕਰਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਰਾਬ ਮੌਸਮ ਕਰਕੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।
ਦੇਸ਼ ’ਚ ਲਗਾਤਾਰ ਚੌਥੇ ਸਾਲ ਆਮ ਵਾਂਗ ਰਹੇਗੀ ਮੌਨਸੂਨ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਇਸ ਸਾਲ ਦੱਖਣ-ਪੱਛਮੀ ਮੌਨਸੂਨ ਦੇ ਆਮ ਵਾਂਗ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਕਿਹਾ ਕਿ ਜੂਨ-ਸਤੰਬਰ ਦੇ ਅਰਸੇ ਦੌਰਾਨ ਵੀ ‘ਲਾ ਨੀਨਾ’ ਹਾਲਾਤ ਅਨੁਕੂਲ ਰਹਿਣ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਾਧਾਰਨ ਮੀਂਹ ਪੈਣਗੇ। ਦੇਸ਼ ਵਿੱਚ ਸਾਲ 2019, 2020 ਤੇ 2021 ਵਿੱਚ ਵੀ ਚਾਰ ਮਹੀਨਿਆਂ ਦੇ ਦੱਖਣ-ਪੱਛਮੀ ਮੌਨਸੂਨ ਸੀਜ਼ਨ ਦੌਰਾਨ ਸਾਧਾਰਨ ਮੀਂਹ ਪਏ ਸਨ। ਮੌਸਮ ਵਿਭਾਗ ਮੁਤਾਬਕ ਇਸ ਸਾਲ ਦੱਖਣ-ਪੱਛਮੀ ਮੌਨਸੂਨ ਦੌਰਾਨ 1971-2020 ਦੀ ਮਿਆਦ ਦੇ 87 ਸੈਂਟੀਮੀਟਰ ਲੌਂਗ ਪੀਰੀਅਡ ਔਸਤ (ਐੱਲਪੀਏ) ਦੇ ਮੁਕਾਬਲੇ 96 ਤੋਂ 104 ਫੀਸਦ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਪਹਿਲਾਂ ਮੌਨਸੂਨੀ ਮੀਂਹ ਦੀ ਪੇਸ਼ੀਨਗੋਈ ਲਈ 1961-2010 ਮਿਆਦ ਦੇ 88 ਸੈਂਟੀਮੀਟਰ ਐੱਲਪੀਏ ’ਤੇ ਵਿਚਾਰ ਕਰਦਾ ਸੀ। ਵਿਭਾਗ ਨੇ ਕਿਹਾ ਕਿ ਗਿਣਨਾਤਮਿਕ ਨਜ਼ਰ ਤੋਂ ਜੂਨ ਤੋਂ ਸਤੰਬਰ ਤੱਕ ਮੌਨਸੂਨੀ ਮੀਂਹ ਐੱਲਪੀਏ ਦਾ 99 ਫੀਸਦ ਰਹਿ ਸਕਦੇ ਹਨ, ਜਿਸ ਦੇ ਪੰਜ ਫੀਸਦ ਹੇਠਾਂ-ਉੱਤੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ‘ਸਾਧਾਰਨ ਮੀਂਹ’ ਦੀ 40 ਫੀਸਦ, ਸਾਧਾਰਨ ਨਾਲੋਂ ਵਧ ਮੀਂਹ (ਐੱਲਪੀਏ ਦੇ 104 ਤੋਂ 110 ਫੀਸਦ ਤੱਕ) ਦੀ 15 ਫੀਸਦ ਅਤੇ ‘ਬਹੁਤਾਤ ’ਚ ਮੀਂਹ’ (ਐੱਲਪੀਏ ਦੇ 110 ਫੀਸਦ ਤੋਂ ਵਧ) ਦੀ ਪੰਜ ਫੀਸਦ ਸੰਭਾਵਨਾ ਹੈ। ਆਈਐੱਮਡੀ ਦਾ ਕਹਿਣਾ ਹੈ ਕਿ ‘ਸਾਧਾਰਨ ਨਾਲੋਂ ਘੱਟ ਮੀਂਹ’ (ਐੱਲਪੀਏ ਦਾ 90 ਤੋਂ 96 ਫੀਸਦ) ਦੀ 26 ਫੀਸਦ ਤੇ ‘ਘੱਟ ਮੀਂਹ’ (ਐੱਲਪੀਏ ਦੇ 90 ਫੀਸਦ ਤੋਂ ਘੱਟ ਮੀਂਹ) ਦੀ 14 ਫੀਸਦ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਪ੍ਰਾਇਦੀਪ ਭਾਰਤ ਦੇ ਉੱਤਰੀ ਹਿੱਸੇ, ਮੱਧ ਭਾਰਤ, ਹਿਮਾਲਿਆ ਦੀ ਹੇਠਲੀ ਪਹਾੜੀਆਂ ਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸਾਧਾਰਨ ਜਾਂ ਸਾਧਾਰਨ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਦੱਸਿਆ ਕਿ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ, ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਤੇ ਦੱਖਣੀ ਪ੍ਰਾਇਦੀਪ ਦੇ ਦੱਖਣੀ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਨੁਮਾਨ ਹੈ। ਆਈਐੱਮਡੀ ਮਈ ਦੇ ਅਖੀਰ ਵਿੱਚ ਮੌਨਸੂਨ ਸੀਜ਼ਨ ਲਈ ਸੱਜਰੀ ਪੇਸ਼ੀਨਗੋਈ ਕਰੇਗਾ। ਮੌਸਮ ਵਿਭਾਗ ਨੇ ਕਿਹਾ ਕਿ ਭੂਮੱਧ-ਰੇਖਾਈ ਪ੍ਰਸ਼ਾਂਤ ਖੇਤਰ ਵਿੱਚ ‘ਲਾ ਨੀਨਾ’ ਦੀ ਸਥਿਤੀ ਦੇ ਮੌਨਸੂਨ ਦੌਰਾਨ ਜਾਰੀ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ