ਪਰਮਜੀਤ ਸਿੰਘ
ਫਾਜ਼ਿਲਕਾ, 8 ਦਸੰਬਰ
ਭਾਰਤ ਬੰਦ ਦੇ ਸੱਦੇ ’ਤੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਪਿੰਡ ਕਟਹਿੜਾ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਘਰ ਮੂਹਰੇ ਧਰਨਾ ਲਾ ਦਿੱਤਾ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ। ਉਨ੍ਹਾਂ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਜਤਾਇਆ।
ਜਿਆਣੀ ਦੇ ਘਰ ਬਾਹਰ ਧਰਨੇ ਦੌਰਾਨ ਸਥਿਤੀ ਉਸ ਵਕਤ ਹਾਸੋਹੀਣੀ ਬਣ ਗਈ ਜਦੋਂ ਜਿਆਣੀ ਦੀ ਪਤਨੀ ਨਿਰਮਲਾ ਦੇਵੀ ਜਿਆਣੀ ਨੇ ਬਾਹਰ ਆ ਕੇ ਕਾਂਗਰਸੀ ਆਗੂਆਂ ਨਾਲ ਖੁੱਲ੍ਹ ਕੇ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਕਈ ਦਿਨਾਂ ਤੋਂ ਦਿੱਲੀ ਡੇਰੇ ਲਾਈ ਬੈਠਾ ਹੈ ਤੇ ਉਨ੍ਹਾਂ ਨੂੰ ਫਿਕਰ ਹੈ ਕਿ ਕਿਸਾਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ। ਉਸ ਦਾ ਪਤੀ ਬਹੁਤ ਮਾਨਸਿਕ ਤਣਾਅ ਵਿਚ ਹੈ। ਉਸ ਨੇ ਕਿਹਾ ਕਿ ਜਦੋਂ ਇਸ ਦਾ ਕਾਰਨ ਉਸ ਨੇ ਆਪਣੇ ਪਤੀ ਨੂੰ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਦੇ ਦੇਸ਼ ਦੇ ਭੈਣ-ਭਰਾ ਤੇ ਬਜ਼ੁਰਗ ਕਿਸਾਨ ਧਰਨੇ ’ਤੇ ਬੈਠੇ ਹਨ, ਇਸ ਕਰਕੇ ਉਸ ਨੂੰ ਪ੍ਰੇਸ਼ਾਨੀ ਹੈ। ਇਸ ਮੌਕੇ ਰਾਜਾ ਵੜਿੰਗ ਅਤੇ ਨਿਰਮਲਾ ਦੇਵੀ ਵਿੱਚ ਵਾਰਤਾਲਾਪ ’ਚ ਹਾਸਾ-ਠੱਠਾ ਵੀ ਚੱਲਦਾ ਰਿਹਾ। ਰਾਜਾ ਵੜਿੰਗ ਨੇ ਭਾਜਪਾ ਛੱਡਣ ਤੇ ਕਿਸਾਨਾਂ ਨਾਲ ਬੈਠਣ ਦੀ ਅਪੀਲ ਕੀਤੀ। ਸ੍ਰੀ ਵੜਿੰਗ ਨੇ ਕਿਹਾ ਕਿ ਜਿਹੜੇ ਭਾਜਪਾ ਆਗੂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਨਾਲ ਖੜ੍ਹੇ ਹਨ ਉਨ੍ਹਾਂ ਨੂੰ ਭਾਜਪਾ ਛੱਡਣੀ ਚਾਹੀਦੀ ਹੈ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਭਾਜਪਾ ਆਗੂ ਜਿਆਣੀ ਦੀ ਪਤਨੀ ਵਿਚਕਾਰ ਹੋਈ ਗੱਲਬਾਤ ਦੀ ਚਰਚਾ ਖੇਤਰ ਵਿਚ ਚੱਲਦੀ ਰਹੀ। ਇਸ ਮੌਕੇ ਜਿਆਣੀ ਦੀ ਪਤਨੀ ਨੇ ਕਾਂਗਰਸੀਆਂ ਨੂੰ ਚਾਹ ਪੀਣ ਦਾ ਸੱਦਾ ਵੀ ਦਿੱਤਾ।