ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 26 ਜੁਲਾਈ
ਪਿੰਡ ਤਿਉਣਾ ਪੁਜਾਰੀਆਂ ਵਿੱਚ ਅੱਜ ਇੱਕ ਵਿਅਕਤੀ ਨੇ ਫੱਟੀ ਮਾਰ ਕੇ ਆਪਣੀ ਪਤਨੀ ਅਤੇ ਛੇ ਸਾਲਾ ਦੀ ਹੱਤਿਆ ਕਰ ਦਿੱਤੀ। ਤਲਵੰਡੀ ਸਾਬੋ ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਅਤੇ ਉਸ ਦੇ ਮਾਤਾ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੇ ਪਿਤਾ ਅਜਮੇਰ ਸਿੰਘ ਵਾਸੀ ਕਰਾਈਵਾਲਾ (ਮੁਕਤਸਰ) ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਜਸਵੀਰ ਕੌਰ ਪਿੰਡ ਤਿਉਣਾ ਪੁਜਾਰੀਆਂ ਦੇ ਵਾਸੀ ਅਮਰਜੀਤ ਸਿੰਘ ਉਰਫ਼ ਅਮਰਾ ਪੁੱਤਰ ਬਲਕੌਰ ਸਿੰਘ ਨਾਲ ਵਿਆਹੀ ਹੋਈ ਸੀ। ਉਸ ਦੇ ਕੋਲ ਇੱਕ ਲੜਕਾ ਲਖਵਿੰਦਰ ਸਿੰਘ ਅਤੇ ਇੱਕ ਲੜਕੀ ਸੁਖਪ੍ਰੀਤ ਕੌਰ ਹੈ। ਉਸ ਨੇ ਦੱਸਿਆ ਕਿ ਅਮਰਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਤੇ ਉਹ ਜਸਵੀਰ ਕੌਰ ਦੀ ਹਮੇਸ਼ਾਂ ਕੁੱਟਮਾਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜਸਵੀਰ ਨੇ ਫੋਨ ਕਰਕੇ ਉਸ ਨੂੰ ਕਿਹਾ ਕਿ ਅਮਰਜੀਤ ਸਿੰਘ ਉਸ ਦੀ ਕੁੱਟਮਾਰ ਕਰ ਰਿਹਾ ਹੈ। ਇਸ ਤੋਂ ਕੁਝ ਸਮੇਂ ਬਾਅਦ ਉਸ ਦੇ ਦੋਹਤੇ ਲਖਵਿੰਦਰ ਸਿੰਘ (10) ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੀ ਮਾਤਾ ਜਸਵੀਰ ਕੌਰ ਤੇ ਭੈਣ ਸੁਖਪ੍ਰੀਤ ਕੌਰ (6) ਨੂੰ ਲੱਕੜ ਦੀ ਫੱਟੀ ਮਾਰ ਕੇ ਮਾਰ ਦਿੱਤਾ ਹੈ। ਇਸ ਮਗਰੋਂ ਜਦੋਂ ਉਹ ਆਪਣੇ ਲੜਕਿਆਂ ਸਮੇਤ ਪਿੰਡ ਤਿਉਣਾ ਪਹੁੰਚਿਆ ਤਾਂ ਜਸਵੀਰ ਕੌਰ ਦੀ ਲਾਸ਼ ਵਿਹੜੇ ਵਿੱਚ ਪਈ ਸੀ। ਉਸ ਦੀ ਦੋਹਤੀ ਸੁਖਪ੍ਰੀਤ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਪਿੰੰਡ ਵਾਸੀਆਂ ਨੇ ਜਦੋਂ ਤੱਕ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਦਾਖ਼ਲ ਕਰਵਾਇਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਉਸ ਨੇ ਦੋਸ਼ ਲਾਇਆ ਕਿ ਉਕਤ ਘਟਨਾ ਵਿੱਚ ਅਮਰਜੀਤ ਸਿੰਘ ਦੇ ਮਾਤਾ-ਪਿਤਾ ਦਾ ਵੀ ਹੱਥ ਹੈ। ਉਧਰ, ਡੀਐੱਸਪੀ ਜਤਿਨ ਬਾਂਸਲ ਅਤੇ ਸਥਾਨਕ ਥਾਣਾ ਮੁਖੀ ਦਲਜੀਤ ਬਰਾੜ ਨੇ ਦੱਸਿਆ ਕਿ ਅਮਰਜੀਤ ਸਿੰਘ ਤੇ ਉਸ ਦੇ ਮਾਤਾ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।