ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 12 ਜੁਲਾਈ
ਫ਼ਰੀਦਕੋਟ ਦੇ ਨੇੜਲੇ ਪਿੰਡ ਔਲਖ ਵਿੱਚ ਬੀਤੀ ਰਾਤ ਇੱਕ ਨੌਜਵਾਨ ਦਾ ਅਣਖ ਖਾਤਰ ਕਤਲ ਕਰ ਦਿੱਤਾ ਗਿਆ। ਸੂਚਨਾ ਅਨੁਸਾਰ ਗੁਰਇਕਬਾਲ ਸਿੰਘ ਨੇ 4 ਮਹੀਨੇ ਪਹਿਲਾਂ ਪਿੰਡ ਦੀ ਹੀ ਲੜਕੀ ਨਾਲ ਵਿਆਹ ਕਰਵਾਇਆ ਸੀ, ਜੋ ਕਿ ਲੜਕੀ ਦੇ ਪਰਿਵਾਰ ਵਾਲਿਆ ਨੂੰ ਮਨਜ਼ੂਰ ਨਹੀਂ ਸੀ। ਕੁਝ ਸਮਾਂ ਪਹਿਲਾਂ ਲੜਕੀ ਆਪਣੇ ਪੇਕੇ ਘਰ ਮਿਲਣ ਗਈ ਸੀ ਅਤੇ ਉਥੇ ਹੀ ਰਹਿ ਰਹੀ ਸੀ। ਪੀੜਤ ਪਰਿਵਾਰ ਅਨੁਸਾਰ ਬੀਤੀ ਰਾਤ ਗੁਰਇਕਬਾਲ ਸਿੰਘ ਆਪਣੀ ਪਤਨੀ ਨੂੰ ਮਿਲਣ ਲਈ ਉਸ ਦੇ ਪੇਕੇ ਘਰ ਗਿਆ, ਜਿਥੇ ਉਸ ਦੀ ਕੁੱਟਮਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਲੜਕੀ ਦੇ ਇੱਕ ਰਿਸ਼ਤੇਦਾਰ ਨੇ ਮੈਂਬਰ ਪੰਚਾਇਤ ਨੂੰ ਇਸ ਦੀ ਪੂਰੀ ਜਾਣਕਾਰੀ ਵੀ ਦਿੱਤੀ। ਡੀਐੱਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਕਤਲ ਲੱਗਦਾ ਹੈ ਤੇ ਪਰਿਵਾਰ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਜਾ ਰਹੀ ਹੈ।