ਪੱਤਰ ਪ੍ਰੇਰਕ
ਦੋਰਾਹਾ, 1 ਸਤੰਬਰ
ਇੱਥੇ ਅੱਜ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਦਾ ਕਤਲ ਕਰ ਦਿੱਤਾ। ਇਸ ਦੀ ਜਾਣਕਾਰੀ ਸਵੇਰੇ 6 ਵਜੇ ਉਦੋਂ ਮਿਲੀ ਜਦੋਂ ਰੇਹੜੇ ਵਾਲਾ ਹਰਜਿੰਦਰ ਸਿੰਘ ਰੋਜ਼ ਵਾਂਗ ਉਸ ਲਈ ਚਾਹ ਲੈ ਕੇ ਆਇਆ। ਉਸ ਨੇ ਦੇਖਿਆ ਕਿ ਨਿਹੰਗ ਦੀ ਖੂਨ ਨਾਲ ਲਥਪਥ ਲਾਸ਼ ਉਸ ਦੀ ਝੌਂਪੜੀ ਦੇ ਬਾਹਰ ਪਈ ਸੀ। ਉਸ ਨੇ ਇਸ ਦੀ ਸੂਚਨਾ ਤੁਰੰਤ ਦੋਰਾਹਾ ਪੁਲੀਸ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਨਿਹੰਗ ਸਿੰਘ (45) ਪਿਛਲੇ 6-7 ਸਾਲ ਤੋਂ ਦੋਰਾਹਾ ਨਹਿਰ ’ਤੇ ਬਣੇ ਪੁੱਲ ਦੇ ਥੱਲੇ ਆਪਣੀ ਝੌਂਪੜੀ ’ਚ ਇਕੱਲਾ ਹੀ ਰਹਿ ਰਿਹਾ ਸੀ। ਦੋਰਾਹਾ ਥਾਣੇ ਦੇ ਮੁਖੀ ਲਖਬੀਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ, ਜੋ ਨਾਭਾ ਦੇ ਕਿਸੇ ਪਿੰਡ ਦਾ ਵਸਨੀਕ ਹੈ। ਘਟਨਾ ਦੀ ਜਾਣਕਾਰੀ ਉਸ ਦੇ ਪਰਿਵਾਰ ਦੇ ਦਿੱਤੀ ਗਈ ਹੈ।