ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 5 ਅਗਸਤ
ਆਦਰਸ਼ ਨਗਰ ਮੰਡੀ ਗੋਬਿੰਦਗੜ੍ਹ ਵਿੱਚ ਅੱਜ ਸਵੇਰੇ ਸਿਰਫ਼ 5 ਫੁੱਟ ਜ਼ਮੀਨ ਲਈ ਬਿਰਧ ਮਹਿਲਾ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਕੌਰ (68) ਪਤਨੀ ਸਵ. ਮਲਾਗਰ ਸਿੰਘ ਵਾਸੀ ਆਦਰਸ਼ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਘਟਨਾ ਤੋਂ ਇੱਕ ਦਿਨ ਪਹਿਲਾ ਮ੍ਰਿਤਕ ਕੁਲਦੀਪ ਕੌਰ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਨਰਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਜਗਤਾਰ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹ ਵਿਅਕਤੀ ਉਸ ਦੀ ਲਾਈਨਾਂ ਤੋਂ ਪਾਰ ਇਲਾਕੇ ਮਾਤਾ ਰਾਣੀ ਮੁਹੱਲਾ ਵਿਚ ਉਸ ਦੇ ਕਬਜ਼ੇ ਵਾਲੀ ਇੱਕ ਏਕੜ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਪੁਲੀਸ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਕੁਲਦੀਪ ਕੌਰ ਦੇ ਲੜਕੇ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ ਦੀ ਭੂਆ ਦੀ ਸੀ ਜਿਸ ਦਾ ਕਬਜ਼ਾ ਉਨ੍ਹਾਂ ਕੋਲ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਦੂਜੇ ਦਿਨ ਇਨ੍ਹਾਂ ਵਿਅਕਤੀਆਂ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ 5 ਫੁੱਟ ਰਸਤਾ ਕੱਢਣ ਲਈ ਉੱਥੇ ਪਈ ਮਿੱਟੀ ਚੁੱਕਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੀ ਮਾਤਾ ਅਤੇ ਖੁਦ ਉਸ ਵੱਲੋਂ ਇਨ੍ਹਾਂ ਵਿਅਕਤੀਆਂ ਦਾ ਵਿਰੋਧ ਕੀਤਾ ਗਿਆ ਤਾਂ ਨਰਿੰਦਰ ਸਿੰਘ ਨੇ ਹੱਥ ਵਿਚ ਫੜੀ ਕਿਰਚ ਨੂੰ ਹਵਾ ਵਿਚ ਲਹਿਰਾਉਂਦੇ ਹੋਏ ਉਨ੍ਹਾਂ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਅਤੇ ਕਿਰਚ ਉਸ ਦੀ ਮਾਂ ਦੇ ਢਿੱਡ ਵਿੱਚ ਜਾ ਵੱਜੀ। ਉਸ ਦੀ ਮਾਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੰਡੀ ਗੋਬਿੰਦਗੜ੍ਹ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਔਰਤ ਹਲਾਕ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਇਥੋਂ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਅੱਜ ਇਕ ਅਣਪਛਾਤੀ ਔਰਤ ਰੇਲ ਗੱਡੀ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਰੇਲਵੇ ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਉਮਰ ਤਕਰੀਬਨ 35 ਕੁ ਸਾਲ ਸੀ ਤੇ ਉਸ ਦੀ ਸੱਜੀ ਬਾਂਹ ਤੇ ਸੱਪ ਅਤੇ ਫੁੱਲ ਦੇ ਟੈਟੂ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ। 72 ਘੰਟੇ ਬੀਤਣ ਮਗਰੋਂ ਹੀ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਵੱਲੋਂ ਖ਼ੁਦਕੁਸ਼ੀ
ਜ਼ੀਰਕਪੁਰ (ਹਰਜੀਤ ਸਿੰਘ): ਢਕੌਲੀ ਖੇਤਰ ਦੇ ਵਿਕਟੋਰੀਆ ਹਾਈਟਸ-2 ਸੁਸਾਇਟੀ ਦੇ 17 ਸਾਲਾਂ ਦੇ ਨੌਜਵਾਨ ਨੇ ਖਾਲੀ ਪਈ ਸੁਸਾਇਟੀ ਚਿਨਾਰ ਹੋਮਸ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਨੀਤ ਕੁਮਾਰ ਵਜੋਂ ਹੋਈ ਹੈ। ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਅਨੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਨੀਤ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ ਤੇ ਅਨੀਤ ਸਭ ਤੋਂ ਵੱਡਾ ਸੀ। ਉਸ ਨੇ ਦੱਸਿਆ ਕਿ ਅਨੀਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਅਨੀਤ ਦਾ ਪਿਤਾ ਲੰਘੇ ਦਸ ਸਾਲਾਂ ਤੋਂ ਜੰਮੂ-ਕਸ਼ਮੀਰ ਵਿੱਚ ਰਹਿੰਦਾ ਹੈ।