ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਾਰਚ
ਬਜਟ ਇਜਲਾਸ ਵਿਚ ਅੱਜ ਬਹਿਸ ਦੌਰਾਨ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੱਲੋਂ ਭਗਵੰਤ ਮਾਨ ’ਤੇ ਤਨਜ਼ ਕੱਸੇ ਜਾਣ ਤੋਂ ਹਾਕਮ ਤੇ ਵਿਰੋਧੀ ਧਿਰ ’ਚ ਤਿੱਖੀ ਝੜਪ ਹੋ ਗਈ। ਬਹਿਸ ਦੌਰਾਨ ਕਿੱਕੀ ਢਿੱਲੋਂ ਨੇ ਮੁੱਖ ਵਿਰੋਧੀ ਧਿਰ ‘ਆਪ’ ਦੀ ਤੁਲਨਾ ਮੋਟਰਸਾਈਕਲ ਨਾਲ ਕਰਦਿਆਂ ਕਿਹਾ ਕਿ ਇਹ ਅਜਿਹਾ ਮੋਟਰਸਾਈਕਲ ਹੈ ਜਿਸ ਦਾ ਇੱਕ ਸਪੇਅਰ ਪਾਰਟਸ ਕੋਈ ਲੈ ਗਿਆ ਅਤੇ ਦੂਜਾ ਸੁਖਪਾਲ ਖਹਿਰਾ ਕੋਲ ਹੈ। ਉਨ੍ਹਾਂ ਇਸੇ ਦੌਰਾਨ ਭਗਵੰਤ ਮਾਨ ਦਾ ਜ਼ਿਕਰ ਕਰ ਦਿੱਤਾ। ਜਦੋਂ ਕਿੱਕੀ ਢਿੱਲੋਂ ਨੇ ਭਗਵੰਤ ਮਾਨ ਦੇ ਘਰੇਲੂ ਮਸਲੇ ਨੂੰ ਉਭਾਰਿਆ ਤਾਂ ‘ਆਪ’ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਸਭ ਤੋਂ ਪਹਿਲਾਂ ਇਤਰਾਜ਼ ਕੀਤਾ। ਉਧਰ, ਹਾਕਮ ਧਿਰ ਦੇ ਵਿਧਾਇਕ ਅਤੇ ਮੰਤਰੀ ਚਟਕਾਰੇ ਲੈ ਕੇ ਕਿੱਕੀ ਢਿੱਲੋਂ ਦਾ ਭਾਸ਼ਣ ਸੁਣਦੇ ਰਹੇ। ਉਸ ਮਗਰੋਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਵਿਰੋਧ ਵਜੋਂ ਸਪੀਕਰ ਦੇ ਆਸਣ ਅੱਗੇ ਆ ਗਏ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਨਿੱਜੀ ਹਮਲੇ ਹਨ ਅਤੇ ਸਦਨ ਦੀ ਤੌਹੀਨ ਹੈ। ਸਪੀਕਰ ਨੇ ਵੀ ਕਿੱਕੀ ਢਿੱਲੋਂ ਨੂੰ ਟੋਕਦਿਆਂ ਕਿਹਾ ਕਿ ਚੁੱਭਵੀਂ ਗੱਲ ਨਾ ਕੀਤੀ ਜਾਵੇ। ਤਲਖ਼ੀ ਏਨੀ ਵਧ ਗਈ ਕਿ ਹਰਪਾਲ ਸਿੰਘ ਚੀਮਾ ਨੇ ਉੱਚੀ ਸੁਰ ਵਿਚ ਪਾਕਿਸਤਾਨੀ ਮਹਿਲਾ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ। ਹਾਕਮ ਧਿਰ ਨੇ ਇਸ ਦਾ ਵਿਰੋਧ ਕਰਨ ਤੋਂ ਗੁਰੇਜ਼ ਹੀ ਕੀਤਾ। ਸਦਨ ਵਿਚ ਮੌਜੂਦ ਮੰਤਰੀ ਅਤੇ ਨਵਜੋਤ ਸਿੱਧੂ ਮਾਹੌਲ ਨੂੰ ਦੇਖਦੇ ਹੋਏ ਆਪਣਾ ਹਾਸਾ ਰੋਕ ਨਾ ਸਕੇ। ਕਿੱਕੀ ਢਿੱਲੋਂ ਨੇ ਮੁੜ ਬੋਲਣਾ ਸ਼ੁਰੂ ਕੀਤਾ ਕਿ ਉਹ ਤਾਂ ਮੋਟਰਸਾਈਕਲ ਦੀ ਗੱਲ ਕਰ ਰਿਹਾ ਸੀ ਕਿ ਮੋਟਰਸਾਈਕਲ ਨੂੰ ਇਕੱਠਾ ਕਰ ਲਓ ਕਿਉਂਕਿ ਵਿਰੋਧੀ ਧਿਰ ਤੋਂ ਵੀ ਉਮੀਦਾਂ ਹੁੰਦੀਆਂ ਹਨ। ਇਸ ਮੌਕੇ ਵਿੱਤ ਮੰਤਰੀ ਵੀ ਮੁਸਕਰਾ ਰਹੇ ਸਨ। ਹਾਕਮ ਧਿਰ ਦੇ ਇੱਕ ਵਿਧਾਇਕ ਨੇ ਕਿੱਕੀ ਢਿੱਲੋਂ ਨੂੰ ਕਿਹਾ ਕਿ ਹੁਣ ਮੋਟਰਸਾਈਕਲ ਬੰਦ ਕਰ ਦਿਓ। ਕਿੱਕੀ ਢਿੱਲੋਂ ਨੇ ਮੁੜ ਕਿਹਾ ਕਿ ਗੱਲ ਤਾਂ ਸੱਚੀ ਹੈ ਪਰ ਪਿਆਰ ਨਾਲ ਕਹੀ ਸੀ। ਉਨ੍ਹਾਂ ਮੋੜਾ ਕੱਟਦਿਆਂ ਕਿਹਾ ਕਿ ਸ਼ਰਨਜੀਤ ਢਿੱਲੋਂ ਗੁੱਸਾ ਨਹੀਂ ਕਰਦੇ। ਕਿੱਕੀ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਨੇ ਇੱਕ ਵਜ਼ੀਰੀ ਖਾਤਰ ਬਾਦਲ ਸਾਹਿਬ ਦੀ ਉਮਰ ਭਰ ਦੀ ਕਮਾਈ ’ਤੇ ਪਾਣੀ ਫੇਰ ਦਿੱਤਾ। ਜਦੋਂ ਕਿੱਕੀ ਢਿੱਲੋਂ ਨੇ ਭਾਸ਼ਣ ਖ਼ਤਮ ਕੀਤਾ ਤਾਂ ਹਾਕਮ ਧਿਰ ਦੀਆਂ ਸੀਟਾਂ ’ਤੇ ਮਾਹੌਲ ਖੁਸ਼ਨੁਮਾ ਬਣਿਆ ਰਿਹਾ। ਵਜ਼ੀਰ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਕੁਝ ਸਮੇਂ ਲਈ ਆਪਣੀਆਂ ਸੀਟਾਂ ਛੱਡ ਕਿੱਕੀ ਢਿੱਲੋਂ ਦੇ ਸੱਜੇ ਖੱਬੇ ਬੈਠੇ ਰਹੇ। ਵਿੱਤ ਮੰਤਰੀ ਵੀ ਢਿੱਲੋਂ ਕੋਲ ਆ ਕੇ ਬੈਠੇ।