ਸੁਰਜੀਤ ਮਜਾਰੀ
ਨਵਾਂ ਸ਼ਹਿਰ, 30 ਜਨਵਰੀ
ਨਵਾਂਸ਼ਹਿਰ ਤੋਂ ਕਾਂਗਰਸ ਨੇ ਪਿਛਲੀਆਂ ਚੋਣਾਂ ਦੇ ਜੇਤੂ ਅੰਗਦ ਸਿੰਘ ਦੀ ਟਿਕਟ ਕੱਟ ਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਦਿੱਤੀ ਹੈ। ਇਸ ਨਾਲ ਵਿਧਾਇਕਾਂ ਦੇ ਪਰਿਵਾਰ ਵਜੋਂ ਜਾਣੇ ਜਾਂਦੇ ਮਰਹੂਮ ਦਿਲਬਾਗ ਸਿੰਘ ਦੇ ਪਰਿਵਾਰ ਪਾਸੋਂ ਇਸ ਵਾਰ ਕਾਂਗਰਸ ਦੀ ਟਿਕਟ ਖਿਸਕ ਗਈ ਹੈ। ਇੱਥੋਂ ਵਿਧਾਇਕ ਦੀ ਕੁਰਸੀ ’ਤੇ ਹੁਣ ਤੱਕ ਉਕਤ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਕਾਬਜ਼ ਰਹੀਆਂ ਅਤੇ ਇਸ ਪਰਿਵਾਰ ਦੇ ਪੰਜ ਮੈਂਬਰ ਵਾਰੋ ਵਾਰੀ ਇੱਥੋਂ ਵਿਧਾਇਕ ਬਣਦੇ ਆ ਰਹੇ ਸਨ। ਇਸ ਵਾਰ ਇਸ ਪਰਿਵਾਰ ਦੀ ਟਿਕਟ ਕੱਟੇ ਜਾਣ ਦਾ ਕਾਰਨ ਇਸ ਪਰਿਵਾਰ ਦੀ ਨੂੰਹ ਤੇ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿੱਤੀ ਸਿੰਘ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਨੂੰ ਦੱਸਿਆ ਜਾ ਰਿਹਾ ਹੈ। ਅੰਗਦ ਸਿੰਘ ਨੇ ਆਖ਼ਰੀ ਪਲਾਂ ਤੱਕ ਟਿਕਟ ਪ੍ਰਾਪਤ ਕਰਨ ਲਈ ਜੱਦੋਜਹਿਦ ਕੀਤੀ ਪਰ ਗਾਂਧੀ ਪਰਿਵਾਰ ਖੁਦ ਇਸ ਮੁੱਦੇ ’ਤੇ ਸਹਿਮਤ ਨਹੀਂ ਹੋਇਆ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਵੱਡੇ ਆਗੂਆਂ ਦੀ ਸਿਫ਼ਾਰਸ਼ ਤੋਂ ਬਾਅਦ ਵੀ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਨੇ ਅੰਗਦ ਸਿੰਘ ਨੂੰ ਟਿਕਟ ਦੇਣੋਂ ਇਨਕਾਰ ਕਰ ਦਿੱਤਾ ਸੀ। ਅੱਜ ਜਿਉਂ ਹੀ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਟਿਕਟ ਦਿੱਤੇ ਜਾਣ ਦੀ ਖ਼ਬਰ ਪੁੱਜੀ ਤਾਂ ਕਾਂਗਰਸ ਵਰਕਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੇ ਮੀਡੀਆ ਨਾਲ ਗੱਲ ਕਰਦਿਆਂ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਉਹ ਪਾਰਟੀ ਦੀ ਜਿੱਤ ਲਈ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ ਅਤੇ ਨਵਾਂ ਸ਼ਹਿਰ ਨੂੰ ਵਿਕਾਸ ਪੱਖੋਂ ਪੰਜਾਬ ਦਾ ਅੱਵਲ ਦਰਜੇ ਦਾ ਹਲਕਾ ਬਣਾਉਣ ਲਈ ਘਰ-ਘਰ ਜਾ ਕੇ ਸਹਿਯੋਗ ਦੀ ਅਪੀਲ ਕਰਨਗੇ।