ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਜੂਨ
‘ਮੇਰਾ ਪਿੰਡ ਮੇਰੀ ਜ਼ਿੰਮੇਵਾਰੀ’ ਮੁਹਿੰਮ ਤਹਿਤ 100 ਨੰਬਰਾਂ ’ਚੋਂ 95 ਨੰਬਰ ਲੈ ਕੇ ਬਲਾਕ ਬਸੀ ਪਠਾਣਾਂ ਦੇ ਪਿੰਡ ਖੇੜੀ ਬੀਰ ਸਿੰਘ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਪਿੰਡਾਂ ’ਚੋਂ ਸਭ ਤੋਂ ਵੱਧ ਸਾਫ਼ ਸੁਥਰਾ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਤਹਿਤ ਜ਼ਿਲ੍ਹਾ ਪੱਧਰੀ ਚੋਣ ਕਮੇਟੀ ਨੇ ਜੇਤੂ ਪਿੰਡ ਨੂੰ 1 ਲੱਖ ਰੁਪਏ ਇਨਾਮ ਦੇਣ ਦੀ ਸਿਫਾਰਸ਼ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਇਸ ਮੁਹਿੰਮ ਸਬੰਧੀ ਜ਼ਿਲ੍ਹਾ ਪੱਧਰੀ ਚੋਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਨੰਗਲਾਂ ਤੇ ਸੱਦੋਮਾਜਰਾ ਨੇ 74-74 ਨੰਬਰ ਲਏ ਹਨ, ਲੱਲੋਂ ਖੁਰਦ ਤੇ ਸੌਂਟੀ ਨੇ 62-62 ਨੰਬਰ ਪ੍ਰਾਪਤ ਕੀਤੇ ਅਤੇ ਚਨਾਰਥਲ ਖੁਰਦ ਨੇ 52 ਨੰਬਰ ਲਏ ਹਨ। ਚੋਣ ਕਰਨ ਲਈ ਜਿਹੜੇ ਮਾਪਦੰਡ ਅਪਣਾਏ ਗਏ, ਉਨ੍ਹਾਂ ਵਿਚ ਘਰਾਂ, ਆਂਗਨਵਾੜੀ ਤੇ ਸਕੂਲਾਂ ਵਿਚ ਪਖਾਨੇ, ਠੋਸ ਕੂੜੇ ਦੇ ਪ੍ਰਬੰਧਨ, ਗੰਦੇ ਪਾਣੀ ਦੇ ਪ੍ਰਬੰਧਨ, ਪਲਾਸਟਿਕ ਕੂੜੇ ਨੂੰ ਵੱਖੋਂ-ਵੱਖ ਕਰਨਾ, ਪਿੰਡਾਂ ਵਿਚ 5 ਜਨਤਕ ਥਾਵਾਂ ਦੀ ਸਾਫ਼-ਸਫ਼ਾਈ, ਪਿੰਡਾਂ ਵਿਚ ਪਾਣੀ ਖੜ੍ਹਾ ਨਾ ਹੋਣਾ, ਖੁੱਲ੍ਹੇ ਵਿਚ ਸ਼ੋਚ ਮੁਕਤ ਸਬੰਧੀ ਵਾਲ ਪੇਂਟਿੰਗ ਅਤੇ ਸਵੱਛ ਸਰਵੇਖਣ ਸਬੰਧੀ ਪੇਂਟਿੰਗ ਜਿਹੇ ਮਾਪਦੰਡ ਸ਼ਾਮਲ ਸਨ।