ਦੀਪਕ ਠਾਕੁਰ
ਤਲਵਾੜਾ, 1 ਮਾਰਚ
ਰੂਸ ਵੱਲੋਂ ਖਾਰਕੀਵ ਸ਼ਹਿਰ ’ਤੇ ਕੀਤੀ ਜਾ ਰਹੀ ਗੋਲਾਬਾਰੀ ਨੇ ਭਾਰਤੀ ਵਿਦਿਆਰਥੀਆਂ ਦੇ ਮਾਪਿਆਂ ਦੇ ਸਾਹ ਸੂੁਤ ਦਿੱਤੇ ਹਨ। ਮਾਪੇ ਆਪਣੇ ਵਿਦੇਸ਼ ਪੜ੍ਹਨ ਗਏ ਬੱਚਿਆਂ ਦੀ ਸਲਾਮਤੀ ਦੀ ਦੁਆ ਮੰਗ ਰਹੇ ਹਨ। ਇੱਥੇ ਬੀਬੀਐੱਮਬੀ ਕਲੋਨੀ ਦੇ ਵਸਨੀਕ ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ 20 ਸਾਲਾ ਲੜਕੀ ਅਨਿਕਾ ਡਾਕਟਰੀ ਦੀ ਪੜ੍ਹਾਈ ਲਈ ਯੂਕਰੇੇਨ ਗਈ ਹੋਈ ਹੈ। ਉਹ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਿਸਟੀ ’ਚ ਦੂਜੇ ਸਾਲ ਦੀ ਵਿਦਿਆਰਥਣ ਹੈ। ਰੂਸੀ ਫ਼ੌਜ ਵੱਲੋਂ ਖਾਰਕੀਵ ਦੇ ਰਿਹਾਇਸ਼ੀ ਇਲਾਕੇ ’ਚ ਕੀਤੀ ਗਈ ਗੋਲਾਬਾਰੀ ਕਾਰਨ ਉਹ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਅਨਿਕਾ ਨਾਲ ਫੋਨ ’ਤੇ ਗੱਲ ਹੋਈ ਸੀ। ਅਨਿਕਾ ਨੇ ਦੱਸਿਆ ਕਿ ਉਹ ਖਸਤਾ ਹਾਲ ਬੰਕਰ ਵਿੱਚ ਹਨ, ਜਿੱਥੇ ਉਸ ਨਾਲ ਸਾਢੇ ਸੱਤ ਸੌ ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਖਾਰਕੀਵ ’ਚ ਚਾਰ ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਅਨਿਕਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਲੈਂਡ ਤੇ ਹੰਗਰੀ ਰੋਮਾਨੀਆ ਆਦਿ ਰਾਹੀਂ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਖਾਰਕੀਵ ਤੋਂ ਇਨ੍ਹਾਂ ਦੇਸ਼ਾਂ ਦੀ ਦੂਰੀ 1400, 1600 ਤੇ 1200 ਕਿਲੋਮੀਟਰ ਹੈ। ਅਜਿਹੇ ਹਾਲਾਤ ਵਿੱਚ ਖਾਰਕੀਵ ਤੋਂ ਵਿਦਿਆਰਥੀਆਂ ਦਾ ਪੋਲੈਂਡ, ਹੰਗਰੀ ਤੇ ਰੋਮਾਨੀਆ ਪਹੁੰਚਣਾ ਅਸੰਭਵ ਹੈ ਜਦੋਂਕਿ ਰੂਸ ਦਾ ਬਾਰਡਰ ਖਾਰਕੀਵ ਤੋਂ ਮਹਿਜ਼ 40 ਕਿਲੋਮੀਟਰ ਦੂਰ ਹੈ। ਬੀਬੀਐੱਮਬੀ ਕਲੋਨੀ ’ਚ ਮੰਦਰ ਦੇ ਪੁਜਾਰੀ ਚੁਨੂੰ ਝਾਅ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸ਼ਿਵਮ ਝਾਅ ਕੀਵ ਮੈਡੀਕਲ ਯੂਨੀਵਰਸਿਟੀ ’ਚ ਪੰਜਵੇਂ ਸਾਲ ਦਾ ਵਿਦਿਆਰਥੀ ਹੈ। ਉਹ 26 ਤਾਰੀਕ ਤੋਂ ਪੋਲੈਂਡ ਵਿਚ ਹੈ ਪਰ ਅਜੇ ਤੱਕ ਭਾਰਤ ਸਰਕਾਰ ਜਾਂ ਹੋਰ ਏਜੰਸੀ ਵੱਲੋਂ ਉਨ੍ਹਾਂ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ।
ਅਨਿਕਾ ਦੀ ਮਾਤਾ ਪਰਮਜੀਤ ਬਾਲਾ ਜੋ ਡੀਏਵੀ ਸਕੂਲ ’ਚ ਅਧਿਆਪਕ ਹਨ ਤੇ ਸ਼ਿਵਮ ਝਾਅ ਦੀ ਮਾਤਾ ਸੁਨੀਤਾ ਦੇਵੀ ਨੇ ਕਿਹਾ ਕਿ ਜੇ ਦੇਸ਼ ਦੇ ਹਾਕਮਾਂ ਨੇ ਮੁਲਕ ’ਚ ਹੀ ਸਿੱਖਿਆ ਦਾ ਸਸਤਾ ਤੇ ਮਿਆਰੀ ਪ੍ਰਬੰਧ ਉਸਾਰਿਆ ਹੁੰਦਾ ਤਾਂ ਉਹ ਕਦੇ ਵੀ ਆਪਣੇ ਬੱਚੇ ਬਾਹਰਲੇ ਮੁਲਕ ਪੜ੍ਹਾਈ ਨਾ ਭੇਜਦੇ।
ਸਰਕਾਰ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਯਤਨਸ਼ੀਲ: ਸੋਮ ਪ੍ਰਕਾਸ਼
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਰਤ ਸਰਕਾਰ ਯੂਕਰੇਨ ’ਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਯਤਨਸ਼ੀਲ ਹੈ। ਅੱਜ ਤੱਕ 9 ਜਹਾਜ਼ਾਂ ਰਾਹੀਂ ਦੂਜੇ ਦੇਸ਼ਾਂ ’ਚ ਪਹੁੰਚ ਚੁੱਕੇ ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਭਲਕੇ ਸੱਤ ਹੋਰ ਜਹਾਜ਼ ਪਹੁੰਚੇ ਰਹੇ ਹਨ। ਭਾਰਤੀ ਏਅਰ ਫੋਰਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਸਰਕਾਰ ਸਾਹਮਣੇ ਦੋ ਤਰ੍ਹਾਂ ਦੀ ਸਮੱਸਿਆ ਹੈ। ਜਿਹੜੇ ਵਿਦਿਆਰਥੀ ਯੂਕਰੇਨ ਦੇ ਗੁਆਂਢੀ ਮੁਲਕਾਂ ’ਚ ਪਹੁੰਚ ਚੁੱਕੇ ਹਨ, ਉਨ੍ਹਾਂ ਦੀ ਵਤਨ ਵਾਪਸੀ ਤੇ ਦੂਜਾ ਜੋ ਯੂਕਰੇਨ ’ਚ ਫਸੇ ਹੋਏ ਹਨ, ਉਨ੍ਹਾਂ ਨੂੰ ਕਿਸੇ ਵੀ ਢੰਗ ਨਾਲ ਯੂਕਰੇਨ ਦੀ ਸੀਮਾ ’ਤੇ ਲਿਆਉਣਾ। ਇਸ ਕੰਮ ਲਈ ਪ੍ਰਧਾਨ ਮੰਤਰੀ ਦੋ ਉੱਚ ਪੱਧਰੀ ਮੀਟਿੰਗਾਂ ਕਰ ਚੁੱਕੇ ਹਨ ਤੇ ਚਾਰ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਇਸ ਹਾਲਾਤ ਨਾਲ ਨਜਿੱਠਣ ਲਈ ਲਾਈਆਂ ਗਈਆਂ ਹਨ। ਸੋਮ ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਭਾਰਤੀ ਦੂਤਾਵਾਸ ਵਿਦਿਆਰਥੀਆਂ ਦੇ ਸੰਪਰਕ ’ਚ ਹੈ।