ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੂਨ
ਖਰੜ ਅਦਾਲਤ ਨੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਦੇ ਮਾਮਲੇ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੰਮਨ ਜਾਰੀ ਕੀਤੇ ਹਨ। ਖਰੜ ਦੀ ਸਿਵਲ ਅਦਾਲਤ ਨੇ ਪੰਚਾਇਤ ਮੰਤਰੀ ਧਾਲੀਵਾਲ ਨੂੰ 25 ਜੁਲਾਈ ਲਈ ਤਲਬ ਕਰਦਿਆਂ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ। ਯਾਦ ਰਹੇ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ 28 ਅਪਰੈਲ ਨੂੰ ਸਿਸਵਾਂ ਤੋਂ ਪੰਚਾਇਤੀ ਜ਼ਮੀਨ ਖਾਲੀ ਕਰਵਾਈ ਸੀ। ਕੈਪਟਨ ਬਿਕਰਮਜੀਤ ਸਿੰਘ ਨੇ ਇਸ ਮਾਮਲੇ ਨੂੰ ਖਰੜ ਅਦਾਲਤ ਵਿੱਚ ਚੁਣੌਤੀ ਦਿੰਦਿਆਂ ਆਪਣਾ ਪੱਖ ਰੱਖਿਆ ਸੀ। ਇਸੇ ਪਟੀਸ਼ਨ ਦੇ ਆਧਾਰ ’ਤੇ ਅਦਾਲਤ ਵੱਲੋਂ ਪੰਚਾਇਤ ਮੰਤਰੀ ਨੂੰ ਸੰਮਨ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਪੰਚਾਇਤ ਵਿਭਾਗ ਆਖ ਰਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਕਾਨੂੰਨੀ ਪੇਚੀਦਗੀਆਂ ਨੂੰ ਸੁਲਝਾ ਕੇ ਸ਼ੁਰੂ ਕੀਤੀ ਗਈ ਸੀ।