ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਮਈ
ਖੰਨਾ ਪੁਲੀਸ ਨੇ ਅੱਜ ਇਥੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 11 ਪਿਸਟਲ, 25 ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐੱਸ.ਐੱਸ.ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸੇ ਮੁਖਬਰ ਨੇ ਸੀ.ਆਈ.ਏ ਇੰਸਪੈਕਟਰ ਵਿਨੋਦ ਕੁਮਾਰ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਅਦਿੱਤਿਆ ਕਪੂਰ ਉਰਫ਼ ਮੱਖਣ ਵਾਸੀ ਕੱਟੜਾ ਸਫੇਦ (ਅੰਮ੍ਰਿਤਸਰ) ਜੋ ਵੱਖ ਵੱਖ ਮੁਕੱਦਮਿਆਂ ਵਿਚ ਜੇਲ੍ਹ ਵਿਚ ਬੰਦ ਹੈ, ਜੇਲ੍ਹ ਅੰਦਰੋਂ ਮੋਬਾਈਲ ਫੋਨ ਰਾਹੀਂ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਗੁਰੂ ਹਰਸਹਾਏ (ਫ਼ਿਰੋਜ਼ਪੁਰ) ਪਾਸੋਂ ਬਾਹਰਲੇ ਰਾਜਾਂ ਨਜਾਇਜ਼ ਅਸਲਾ ਮੰਗਵਾ ਕੇ ਅੱਗੇ ਵੱਖ ਵੱਖ ਵਿਅਕਤੀਆਂ ਨੂੰ ਸਪਲਾਈ ਕਰਦਾ ਹੈ। ਪੁਲੀਸ ਨੇ ਫੌਰੀ ਹਰਕਤ ’ਚ ਆਉਂਦਿਆਂ ਹੈਪੀ ਨੂੰ ਦੱਸੀ ਥਾਂ ਤੋਂ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਲੈਣ ’ਤੇ ਉਸ ਦੇ ਬੈਗ ਵਿਚੋਂ 11 ਪਿਸਟਲ, 25 ਮੈਗਜ਼ੀਨ ਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲੀਸ ਵੱਲੋਂ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।