ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਅਗਸਤ
ਹੁਣ ਸਰਕਾਰੀ ਰਾਸ਼ਨ ਲੈਣ ਲਈ ਪਹਿਲਾਂ ਕਰੋਨਾ ਟੈਸਟ ਕਰਵਾਉਣ ਲਈ ਧਮਕਾਇਆ ਜਾ ਰਿਹਾ ਹੈ। ਲਲਹੇੜੀ ਰੋਡ ’ਤੇ ਓਵਰ ਬ੍ਰਿਜ ਦੇ ਹੇਠ ਡਿਪੂ ਮਾਲਕ ਅਤੇ ਨਗਰ ਕੌਸਲ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਸਨ ਅਤੇ ਇਸ ਦੇ ਸਾਹਮਣੇ ਆਦਰਸ਼ ਸਿਨੇਮਾ ਵਿਖੇ ਸਿਹਤ ਵਿਭਾਗ ਨੇ ਕਰੋਨਾ ਸੈਂਪਲਿੰਗ ਲਈ ਕੈਂਪ ਲਾਇਆ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਪਰਚੀ ਲੈਣ ਵਾਲਿਆਂ ਨੂੰ ਪਹਿਲਾਂ ਕਰੋਨਾ ਟੈਸਟ ਕਰਵਾਉਣ ਲਈ ਕਿਹਾ ਅਤੇ ਬਗ਼ੈਰ ਟੈਸਟ ਪਰਚੀ ਦੇਣ ਤੋਂ ਨਾ ਕੀਤੀ ਗਈ। ਸਿਨੇਮਾ ‘ਚ ਲੋਕਾਂ ਦੀ ਭੀੜ ਲੱਗ ਗਈ ਅਤੇ ਸਰੀਰਕ ਦੂਰੀ ਦੇ ਨਿਯਮਾਂ ਨੂੰ ਛਿੱਕੇ ਟੰਗ ਲੋਕ ਕਰੋਨਾ ਟੈਸਟ ਕਰਾਉਣ ਲਈ ਧੱਕਾ-ਮੁੱਕੀ ਹੋਏ। ਡਿਪੂ ਹੋਲਡਰ ਸੁਦਰਸ਼ਨ ਬੱਤਰਾ ਨੇ ਕਿਹਾ ਕਿ ਪਰਚੀ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨੇ ਨਿਰਦੇਸ਼ ਦਿੱਤੇ ਹਨ। ਨਿਰਦੇਸ਼ ਜ਼ੁਬਾਨੀ ਹਨ, ਇਸ ਲਈ ਕੁਝ ਵੀ ਲਿਖ਼ਤੀ ਰੂਪ ਵਿਚ ਨਹੀਂ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਜਿਹੇ ਕੋਈ ਨਿਰਦੇਸ਼ ਜਾਰੀ ਨਹੀਂ ਹੋਏ। ਕਈ ਦਿਨਾਂ ਤੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਕਰੋਨਾ ਜਾਂਚ ਕੈਂਪ ਲੱਗ ਰਹੇ ਹਨ। ਇਸ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਜਾਂਦਾ ਹੈ ਪਰ ਕੋਈ ਜਬਰੀ ਟੈਸਟ ਨਹੀਂ ਕੀਤੇ ਜਾਂਦੇ।