ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਮਾਰਚ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਣ ਲਈ ਸ਼੍ਰ੍ਰੋਮਣੀ ਕਮੇਟੀ ਨੂੰ ਸੱਦਾ ਪੱਤਰ ਭੇਜਿਆ ਹੈ। ਇਸ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨਅਬਦਾਲ ਵਿੱਚ ਹੋਣਗੇ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 12 ਅਪਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਵੇਗਾ, ਜੋ 21 ਅਪਰੈਲ ਤਕ ਪਾਕਿਸਤਾਨ ’ਚ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਮਗਰੋਂ 22 ਨੂੰ ਵਾਪਸ ਭਾਰਤ ਪਰਤੇਗਾ। ਜਥੇ ਦੇ ਪ੍ਰੋਗਰਾਮ ਸਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ 14 ਅਪਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਮੁੱਖ ਸਮਾਗਮ ਹੋਵੇਗਾ। ਇਸ ਤੋਂ ਇਲਾਵਾ ਸੰਗਤ ਵੱਖ-ਵੱਖ ਦਿਨਾਂ ਵਿਚ ਪਾਕਿਸਤਾਨ ’ਚ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਕਰ ਸਕੇਗੀ। ਇਸ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਪਾਕਿਸਤਾਨੀ ਸਿੱਖ ਜਥੇਬੰਦੀ ਅਤੇ ਔਕਾਫ ਬੋਰਡ ਦੇ ਅਧਿਕਾਰੀਆਂ ਵਿਚਾਲੇ ਇਸ ਹਫਤੇ ਮੀਟਿੰਗ ਵੀ ਹੋਈ ਹੈ।
ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਲਵਾਉਣਾ ਪਵੇਗਾ ਕਰੋਨਾ ਰੋਕੂ ਟੀਕਾ
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਕੋਲ ਕੁਝ ਪਾਸਪੋਰਟ ਪੁੱਜ ਚੁੱਕੇ ਹਨ ਅਤੇ ਕੁਝ ਹੋਰ ਮੰਗਵਾਏ ਜਾਣਗੇ, ਜੋ ਅਗਲੀ ਕਾਰਵਾਈ ਲਈ ਸਰਕਾਰ ਨੂੰ ਭੇਜੇ ਜਾਣਗੇ। ਸਰਕਾਰ ਜੋ ਵੀ ਫੈਸਲਾ ਕਰੇਗੀ, ਉਸ ਮੁਤਾਬਕ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਜਥੇ ਵਿੱਚ ਜਾਣ ਵਾਲੀ ਸੰਗਤ ਨੂੰ ਕਰੋਨਾ ਰੋਕੂ ਟੀਕਾ ਲਗਵਾਉਣਾ ਪਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ 11 ਅਪਰੈਲ ਨੂੰ ਵੀਜ਼ਾ ਲੱਗੇ ਪਾਸਪੋਰਟ ਸ਼ਰਧਾਲੂਆਂ ਨੂੰ ਵੰਡੇ ਜਾਣਗੇ।
ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਮੌਕੇ ਰੁਸ਼ਨਾਏਗੀ ਗੁਰੂ ਕੀ ਨਗਰੀ
ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਇਥੇ ਕਮੇਟੀ ਦੇ ਮਾਝਾ ਅਤੇ ਦੋਆਬਾ ਖੇਤਰ ਨਾਲ ਸਬੰਧਤ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਫੁੱਲਾਂ ਅਤੇ ਰੰਗੀਨ ਰੌਸ਼ਨੀਆਂ ਨਾਲ ਸਜਾਉਣ ਦਾ ਫ਼ੈਸਲਾ ਲਿਆ ਗਿਆ, ਤਾਂ ਜੋ ਇਥੇ ਆਉਣ ਵਾਲੀ ਸੰਗਤ ਲਈ ਮੁੱਖ ਸਮਾਗਮ ਯਾਦਗਾਰੀ ਬਣ ਸਕੇ। ਮੀਟਿੰਗ ਮਗਰੋਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨੌਵੇਂ ਗੁਰੂ ਦਾ ਜਨਮ ਅਸਥਾਨ ਗੁਰਦੁਆਰਾ ਗੁਰੂ ਕਾ ਮਹਿਲ ਅੰਮ੍ਰਿਤਸਰ ਵਿੱਚ ਹੈ, ਇਸ ਲਈ ਸ਼ਤਾਬਦੀ ਦੇ ਮੁੱਖ ਸਮਾਗਮ ਇਥੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਏ ਜਾਣਗੇ। ਮੁੱਖ ਸਮਾਗਮ ਪਹਿਲੀ ਮਈ ਨੂੰ ਹੋਵੇਗਾ। ਇਸ ਤੋਂ ਪਹਿਲਾਂ ਹਫ਼ਤਾ ਭਰ ਵੱਖ-ਵੱਖ ਸਮਾਗਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਸਮੇਤ ਬੰਗਲਾਦੇਸ਼ ਵਿੱਚ ਵੀ ਸਮਾਗਮ ਹੋਣਗੇ। ਇਸੇ ਤਹਿਤ ਅੰਮ੍ਰਿਤਸਰ ਨੂੰ ਖਾਸ ਢੰਗ ਨਾਲ ਸਜਾਉਣ ਲਈ ਵਿਉਂਤਬੰਦੀ ਕੀਤੀ ਜਾਵੇਗੀ। ਮੁੱਖ ਸਮਾਗਮਾਂ ਦੌਰਾਨ ਸੰਗਤ ਦੀ ਭਰਵੀਂ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪੋ-ਆਪਣੇ ਹਲਕੇ ਵਿੱਚ ਸੰਗਤ ਨਾਲ ਰਾਬਤਾ ਕਾਇਮ ਕਰਨਗੇ। ਉਨ੍ਹਾਂ ਦੱਸਿਆ ਕਿ ਮਾਲਵਾ ਖਿੱਤੇ ਨਾਲ ਸਬੰਧਤ ਮੈਂਬਰਾਂ ਦੀ ਮੀਟਿੰਗ ਹੁਣ ਅੰਮ੍ਰਿਤਸਰ ਵਿੱਚ ਹੀ 15 ਮਾਰਚ ਨੂੰ ਹੋਵੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਅਮਰੀਕ ਸਿੰਘ ਸ਼ਾਹਪੁਰ, ਭਾਈ ਰਜਿੰਦਰ ਸਿੰਘ ਮਹਿਤਾ ਸਮੇਤ ਹੋਰ ਹਾਜ਼ਰ ਸਨ।