ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 14 ਅਪਰੈਲ
ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚਾਰ ਰੋਜ਼ਾ ਵਿਸਾਖੀ ਮੇਲੇ ਦੇ ਤੀਜੇ ਤੇ ਮੁੱਖ ਦਿਨ ਅੱਜ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਅੱਜ ਸਵੇਰੇ ਤਖ਼ਤ ਦਮਦਮਾ ਸਾਹਿਬ ਸਮੇਤ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਦੇਗਸਰ ਬੇਰ ਸਾਹਿਬ ਮੁੱਖ ਛਾਉਣੀ ਬੁੱਢਾ ਦਲ (ਨਿਹੰਗ ਸਿੰਘਾਂ) ਅਤੇ ਗੁਰਦੁਆਰਾ ਬੁੰਗਾ ਨਾਨਕਸਰ ਵਿਖੇ ਅਖੰਡ ਪਾਠਾਂ ਅਤੇ ਵਿਸਾਖ ਮਹੀਨੇ ਦੀ ਸੰਗਰਾਂਦ ਸਬੰਧੀ ਬਾਰ੍ਹਾਂ ਮਾਹ ਦੇ ਭੋਗ ਪਾਏ ਗਏ।
ਅਕਾਲ ਤਖ਼ਤ ਦੇ ਕਾਰਜਕਾਰੀ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਸੰਗਤ ਨੂੰ ਅੰਮ੍ਰਿਤ ਛਕ ਕੇ ਸ਼ਬਦ ਗੁਰੂ ਦੇ ਲੜ ਲੱਗਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਵਿਸਾਖੀ ਮੌਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਨੇ ਕੋਈ ਕਾਨਫਰੰਸ ਨਹੀਂ ਕੀਤੀ, ਜਦ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅ) ਅਤੇ ਬਸਪਾ ਨੇ ਸਿਆਸੀ ਕਾਨਫਰੰਸ ਕੀਤੀ। ਇਸ ਵਾਰ ਇਕੱਠ ਘੱਟ ਹੋਣ ਕਰਕੇ ਕਾਨਫਰੰਸਾਂ ਦਾ ਰੰਗ ਫਿੱਕਾ ਰਿਹਾ। ਆਰਜ਼ੀ ਬੱਸ ਅੱਡੇ ਦੂਰ ਹੋਣ ਕਰਕੇ ਸ਼ਰਧਾਲੂਆਂ ਨੂੰ ਆਉਣ-ਜਾਣ ਵਿੱਚ ਦਿੱਕਤ ਆਈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਗਤਕਾ ਮੁਕਾਬਲੇ ਕਰਵਾਏ ਗਏ। ਮੇਲੇ ਦੇ ਆਖ਼ਰੀ ਦਿਨ ਭਲਕੇ 15 ਅਪਰੈਲ ਨੂੰ ਮਹੱਲਾ ਸਜਾਇਆ ਜਾਵੇਗਾ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਤੇ ਭਾਰਤ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ। ਅੱਜ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨ ਗੁਰਦੁਆਰੇ ਵਿੱਚ ਨਗਰ ਕੀਰਤਨ ਵੀ ਸਜਾਇਆ ਗਿਆ। ਸਮਾਗਮ ਵਿੱਚ ਪੀਐੱਸਜੀਪੀਸੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਬਿਸ਼ਨ ਸਿੰਘ ਸ਼ਾਮਲ ਸਨ। ਭਾਰਤ ਸਣੇ ਕਈ ਦੇਸ਼ਾਂ ਤੋਂ ਪੁੱਜੀ ਸਿੱਖ ਸੰਗਤ ਨੇ ਇਥੇ ਮੱਥਾ ਟੇਕਿਆ। ਭਾਰਤੀ ਜਥਾ ਗੁਰਧਾਮਾਂ ਦੇ ਦਰਸ਼ਨਾਂ ਮਗਰੋਂ 21 ਅਪਰੈਲ ਨੂੰ ਦੇਸ਼ ਪਰਤੇਗਾ।
ਇਸ ਦੌਰਾਨ ਅੰਮ੍ਰਿਤਸਰ ਵਿੱਚ ਸਥਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਏ। ਇਸ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ।