ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਸਤੰਬਰ
ਸਥਾਨਕ ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਅਮਨਦੀਪ ਕੌਰ ਚਾਹਲ ਦੀ ਅਦਾਲਤ ਨੇ ਸਥਾਨਕ ਜ਼ਿਲ੍ਹਾ ਸਕੱਤਰੇਤ ਇਮਾਰਤ ਉੱਤੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੀ ਬੇਅਦਬੀ ਦਾ ਕੇਸ ਐੱਨਆਈਏ ਦੀ ਅਰਜ਼ੀ ਅਤੇ ਉੱਚ ਅਦਾਲਤ ਦੇ ਹੁਕਮਾਂ ਤਹਿਤ ਮੁਹਾਲੀ ਸਥਿਤ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ’ਚ ਤਬਦੀਲ ਕਰ ਦਿੱਤਾ ਹੈ।
ਅਦਾਲਤ ਨੇ ਗ੍ਰਿਫ਼ਤਾਰ ਸਾਰੇ ਮੁਲਜ਼ਮਾਂ ਨੂੰ ਭਲਕੇ 14 ਸਤੰਬਰ ਨੂੰ ਮੁਹਾਲੀ ਵਿਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਕਰਨ ਅਤੇ ਨਿਯਮਾਂ ਅਨੁਸਾਰ ਜੁਡੀਸ਼ਲ ਫ਼ਾਈਲ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਭੇਜਣ ਦਾ ਹੁਕਮ ਦਿੱਤਾ ਹੈ। ਪੁਲੀਸ ਸੂਤਰਾਂ ਅਨੁਸਾਰ ਐੱਨਆਈਏ ਦੇ ਡੀਆਈਜੀ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰਨ ਲਈ ਪੁੱਜ ਰਹੇ ਹਨ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਰੋਨਾ ਟੈਸਟ ਲਈ 14 ਸਤੰਬਰ ਤਕ ਪੁਲੀਸ ਰਿਮਾਂਡ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਇੰਦਰਜੀਤ ਸਿੰਘ ਗਿੱਲ ਅਤੇ ਜਸਪਾਲ ਸਿੰਘ ਉਰਫ਼ ਰਿੰਪਾ ਅਤੇ ਖਾਲਿਸਤਾਨੀ ਝੰਡਾ ਝੁਲਾਉਣ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਜਗਵਿੰਦਰ ਸਿੰਘ ਉਰਫ਼ ਜੱਗਾ ਵਾਸੀ ਪੱਖੋਵਾਲ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਧਰ, ਐੱਨਆਈਏ ਇੰਸਪੈਕਟਰ ਅਮਰੀਸ਼ ਕੁਮਾਰ ਦੀ ਅਗਵਾਈ ਹੇਠ 3 ਮੈਂਬਰੀ ਜਾਂਚ ਟੀਮ ਨੇ 8 ਸਤੰਬਰ ਤੋਂ ਮੋਗਾ ਵਿਚ ਪੱਕਾ ਡੇਰਾ ਲਗਾਇਆ ਹੋਇਆ ਹੈ। ਪੁਲੀਸ ਸੂਤਰਾਂ ਅਨੁਸਾਰ ਐੱਨਆਈਏ ਟੀਮ ਨੇ ਬਾਘਾਪੁਰਾਣਾ ਅਤੇ ਹੋਰ ਥਾਵਾਂ ਉੱਤੇ ਝੁਲਾਏ ਖਾਲਿਸਤਾਨੀ ਝੰਡੇ ਦੀਆਂ ਤਸਵੀਰਾਂ ਆਦਿ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ।