ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਜੂਨ
ਪਿਛਲੇ ਦੋ ਹਫਤਿਆਂ ਵਿੱਚ ਦੂਜੀ ਵਾਰ ਜਲੰਧਰ ਸ਼ਹਿਰ ਦੀਆਂ ਕੰਧਾਂ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਗਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਲੰਧਰ ਫੇਰੀ ਦੌਰਾਨ 15 ਜੂਨ ਦੀ ਸਵੇਰ ਨੂੰ ਦੇਵੀ ਤਾਲਾਬ ਮੰਦਰ ਅਤੇ ਪਠਾਨਕੋਟ ਬਾਈਪਾਸ ’ਤੇ ਬਣੇ ਫਲਾਈਓਵਰ ਦੀਆਂ ਕੰਧਾਂ ’ਤੇ ਕਾਲੇ ਰੰਗ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਅੱਜ ਸਵੇਰੇ ਪੰਜਾਬ ਆਰਮਡ ਪੁਲੀਸ (ਪੀਏਪੀ) ਕੰਪਲੈਕਸ ਦੀਆਂ ਉੱਚੀਆਂ ਤੇ ਮਜ਼ਬੂਤ ਕੰਧਾਂ ’ਤੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਇਸ ਤੋਂ ਪਹਿਲਾਂ ਕਿ ਮੀਡੀਆ ਨੂੰ ਇਸ ਦੀ ਭਿਣਕ ਪੈਂਦੀ, ਸਿੱਖਸ ਫਾਰ ਜਸਟਿਸ ਨੇ ਵਟਸਐਪ ਗਰੁੱਪ ’ਤੇ ਇਸ ਸਬੰਧੀ ਵੀਡੀਓ ਜਾਰੀ ਕਰ ਦਿੱਤੀ। ਵੀਡੀਓ ਵਿੱਚ ਸਿੱਖਸ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਉਨ੍ਹਾਂ ‘26 ਜਨਵਰੀ ਰੈਫਰੈਂਡਮ ਵੋਟਿੰਗ’ ਦਾ ਨਾਅਰਾ ਵੀ ਕਾਲੇ ਰੰਗ ਨਾਲ ਲਿਖਿਆ ਸੀ। ਜਦੋਂ ਤੱਕ ਫੋਟੋਗ੍ਰਾਫਰ ਪੀਏਪੀ ਦੀਆਂ ਕੰਧਾਂ ਦੀਆਂ ਤਸਵੀਰਾਂ ਲੈਣ ਪਹੁੰਚੇ ਉਦੋਂ ਤੱਕ ਪੀਏਪੀ ਦੇ ਮੁਲਜ਼ਮਾਂ ਵੱਲੋਂ ਠੇਕੇ ’ਤੇ ਰੱਖੇ ਤਿੰਨ ਪੇਂਟਰਾਂ ਦੀ ਮਦਦ ਨਾਲ ਸਵੇਰੇ ਹੀ ਗੇਟ ਨੰਬਰ 1 ਦੇ ਨਾਲ ਲੱਗਦੀਆਂ ਕੰਧਾਂ ’ਤੇ ਪਹਿਲਾਂ ਵਾਂਗ ਨੀਲੇ ਰੰਗ ਦਾ ਪੇਂਟ ਕੀਤਾ ਜਾ ਰਿਹਾ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਇਸ ਮਾਮਲੇ ਬਾਰੇ ਛਾਉਣੀ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਪੀਏਪੀ ਦੀ ਫੋਰਸ ਹਰ ਸਮੇਂ ਗਸ਼ਤ ’ਤੇ ਰਹਿੰਦੀ ਹੈ ਪਰ ਹੋ ਸਕਦਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਇਹ ਕਾਰਾ ਉਦੋਂ ਕੀਤਾ ਹੋਵੇ ਜਦੋਂ ਗਸ਼ਤ ਦੌਰਾਨ ਕੁਝ ਸਮੇਂ ਦਾ ਅੰਤਰ ਆਇਆ ਹੋਵੇ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੋਟੋਆਂ ਰਾਹੀਂ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।