ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਸਤੰਬਰ
ਇਥੇ ਜ਼ਿਲ੍ਹੇ ’ਚ ਅਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਜ਼ਿਲ੍ਹਾ ਸਕੱਤਰੇਤ ਤੋਂ ਖਾਲਿਸਤਾਨ ਦਾ ਝੰਡਾ ਝੁਲਾਉਣ ਦੀ ਸ਼ੁਰੂਆਤ ਹੋਈ ਲਹਿਰ ਨੂੰ ਠੱਲ੍ਹ ਨਹੀਂ ਪੈ ਰਹੀ। ਇਥੇ ਅੱਜ ਐੱਸਡੀਐੱਮ ਦਫ਼ਤਰ ਬਾਘਾਪੁਰਾਣਾ ’ਚ ਵੀ ਖ਼ਾਲਿਸਤਾਨ ਦਾ ਝੰਡਾ ਝੁਲਾਉਣ ਤੋਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਗਈ। ਇਹ ਝੰਡਾ ਕਰੀਬ ਸਵਾ 9 ਵਜੇ ਤੱਕ ਝੁਲਦਾ ਰਿਹਾ। ਬਾਘਾਪੁਰਾਣਾ ਤਹਿਸੀਲ ਕੰਪਲੈਕਸ ’ਚ ਅੱਜ ਮੂੰਹ ਹਨੇਰੇ ਕਿਸੇ ਨੇ ਖ਼ਾਲਿਸਤਾਨ ਦਾ ਝੰਡਾ ਝੁਲਾ ਦਿੱਤਾ, ਜਿਸ ਸਥਾਨ ਉੱਤੇ ਇਹ ਖਾਲਿਸਤਾਨ ਲਿਖਤ ਕੇਸਰੀ ਝੰਡਾ ਝੁਲਾਇਆ ਗਿਆ ਹੈ, ਉਸ ਸਥਾਨ ਉੱਤੇ ਸਬ ਡਿਵੀਜ਼ਨ ਪੱਧਰ ਉੱਤੇ ਹਰ ਸਾਲ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਨੂੰ ਕੌਮੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ। ਇਥੇ ਕੌਮੀ ਤਿਰੰਗਾਂ ਝੰਡਾ ਝੁਲਾਉਣ ਲਈ ਲੋਹੇ ਦੀ ਪਾੲਂਪ ਗੱਡੀ ਹੋਈ ਹੈ। ਐੱਸਡੀਐੱਮ ਦਫ਼ਤਰ ਜਿਥੇ ਜੁਡੀਸ਼ਲ ਕੋਰਟ ਵੀ ਹੈ। ਸਵੇਰੇ ਕਰੀਬ ਸਵਾ 9 ਵਜੇ ਤੱਕ ਖਾਲਿਸਤਾਨ ਦਾ ਝੰਡਾ ਝੂਲਦਾ ਰਿਹਾ। ਕਈ ਸਰਕਾਰੀ ਕਰਮਚਾਰੀ ਵੀ ਦਫ਼ਤਰਾਂ ਵਿੱਚ ਆ ਗਏ ਪਰ ਕਿਸੇ ਨੂੰ ਪਤਾ ਨਾ ਲੱਗਾ। ਕੰਪਲੈਕਸ ਅੰਦਰ ਸਵੇਰੇ ਵਸੀਕਾ ਨਵੀਸ ਤੇ ਟਾਈਪਿਸਟ ਤੇ ਹੋਰ ਵਕੀਲਾਂ ਦੇ ਵੀ ਚੈਂਬਰ ਹਨ। ਇਸ ਦੌਰਾਨ ਸੀਆਈਡੀ ਮੁਲਾਜ਼ਮਾਂ ਦੀ ਅੱਖ ਪਈ ਤਾਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਕਰੀਬ ਸਾਢੇ 9 ਵਜੇ ਖਾਲਿਸਤਾਨ ਦਾ ਝੰਡਾ ਉਤਾਰ ਕੇ ਕਬਜ਼ੇ ਵਿੱਚ ਲਿਆ।