ਖੇਤਰੀ ਪ੍ਰਤੀਨਿਧ
ਪਟਿਆਲਾ, 27 ਨਵੰਬਰ
ਐਨਫੋਰਸਮੈਂਟ ਡਾਇਰੇਕਟੋਰੇਟ ਦੇ ਮਾਮਲੇ ਸਬੰਧੀ ਪਿਛਲੇ ਦਿਨੀਂ ਮੁਹਾਲੀ ਦੀ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਭੇਜੇ ਗਏ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਿੱਠ ਦੇ ਦਰਦ ਕਾਰਨ ਅੱਜ ਪੁਲੀਸ ਦੇ ਪਹਿਰੇ ਹੇਠ ਸਥਾਨਕ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਜਿਥੇ ਮੁੱਢਲੀ ਜਾਂਚ ਮਗਰੋਂ ਪੁਲੀਸ ਟੀਮ ਖਹਿਰਾ ਨੂੰ ਮੁੜ ਜੇਲ੍ਹ ਛੱਡ ਆਈ। ਇਸ ਸਬੰਧੀ ਸੰਪਰਕ ਕਰਨ ’ਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਖਹਿਰਾ ਨੇ ਕਈ ਦਿਨਾਂ ਤੋਂ ਪਿੱਠ ਵਿੱਚ ਦਰਦ ਹੋਣ ਦੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ, ਜਿਸ ਮਗਰੋਂ ਪਹਿਲਾਂ ਜੇਲ੍ਹ ਵਿਚਲੇ ਡਾਕਟਰ ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਮਗਰੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਜਾਂਚ ਲਈ ਭੇਜ ਦਿੱਤਾ ਗਿਆ।