ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਫਰਵਰੀ
‘ਆਪ’ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 26 ਜਨਵਰੀ ਨੂੰ ਆਈਟੀਓ ਕਰਾਸਿੰਗ ’ਤੇ ਦਿੱਲੀ ਪੁਲੀਸ ਵੱਲੋਂ ਨਵਰੀਤ ਸਿੰਘ ਦੇ ਕੀਤੇ ਕਤਲ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਸ੍ਰੀ ਖਹਿਰਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਇਹ ਸਾਰਾ ਘਟਨਾਕ੍ਰਮ, ਮੌਕੇ ਦੇ ਗਵਾਹਾਂ ਦੇ ਬਿਆਨ ਅਤੇ ਸੋਸ਼ਲ ਮੀਡੀਆ ’ਤੇ ਮੌਜੂਦ ਸਬੂਤ ਪੁਲੀਸ ਫਾਇਰਿੰਗ ਵਿੱਚ ਨਵਰੀਤ ਸਿੰਘ ਦੀ ਮੌਤ ਹੋਣ ਨੂੰ ਸਾਬਿਤ ਕਰਦੇ ਹਨ। ਜ਼ਿਕਰਯੋਗ ਹੈ ਕਿ ਸ਼ਹੀਦ ਨਵਰੀਤ ਸਿੰਘ ਦੀ ਅੰਤਿਮ ਅਰਦਾਸ 4 ਫਰਵਰੀ ਨੂੰ ਗੁਰਦੁਆਰਾ ਸਾਹਿਬ ਡਬਿਡਬਿਾ ਫਾਰਮ ਵਿਖੇ ਹੋਵੇਗੀ। ਸ੍ਰੀ ਖਹਿਰਾ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਈ ਜਾਵੇ।