ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁਹਾਲੀ ਵਿੱਚ ਦਰਜ ਕੇਸ ਬਾਰੇ ਟਿੱਪਣੀ ਕਰਦਿਆਂ ਕਿਹਾ, ‘ਮੈਂ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਜ਼ੁਬਾਨ ਵਿੱਚ ਭੇਜੇ ਗਏ ਲਵ ਲੈਟਰ (ਐਫ਼ਆਈਆਰ) ਦਾ ਸਵਾਗਤ ਕਰਦਾ ਹਾਂ ਪਰ ਕੀ ‘ਆਪ’ ਦੇ ਪੇਜਾਂ ’ਤੇ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਗਾਇਕਾਂ ਅਤੇ ਰਾਜਸੀ ਆਗੂਆਂ ਦੀ ਸੁਰੱਖਿਆ ਵਾਪਸ ਲੈਣ ਸਬੰਧੀ ਸਰਕਾਰੀ ਪੱਤਰ ਨੂੰ ਸ਼ੇਅਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ। ਕੀ ਗਾਇਕ ਦਾ ਕਤਲ ਕਰਵਾਉਣ ਵਾਲੇ ਮੁੱਖ ਮੰਤਰੀ ਖ਼ਿਲਾਫ਼ ਵੀ ਕੋਈ ਕੇਸ ਦਰਜ ਹੋਵੇਗਾ? ਕੀ ਭਗਵੰਤ ਮਾਨ ਵਿੱਚ ਐਨੀ ਜੁਰੱਅਤ ਹੈ ਕਿ ਉਹ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਕੇ ਜ਼ੈੱਡ ਪਲੱਸ ਸੁਰੱਖਿਆ ਲੈਣ ਲਈ ਖ਼ੁਦ ਨੂੰ ‘ਆਪ’ ਪੰਜਾਬ ਦਾ ਝੂਠਾ ਪ੍ਰਧਾਨ ਦਿਖਾਉਣ ਵਾਲੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕਾਰਵਾਈ ਕਰਨਗੇ? ਖਹਿਰਾ ਨੇ ਕਿਹਾ ਕਿ ਇੰਜ ਮਹਿਸੂਸ ਹੁੰਦਾ ਹੈ ਕਿ ਅਲਕਾ ਲਾਂਬਾ ਵਰਗੇ ਸਿਆਸੀ ਵਿਰੋਧੀਆਂ ’ਤੇ ਝੂਠੇ ਪਰਚੇ ਦਰਜ ਕਰਵਾਉਣ ਵਾਲੇ ਕੇਜਰੀਵਾਲ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਹੁਣ ਉਨ੍ਹਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਉਹ ਅਜਿਹੇ ਝੂਠੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ।