ਦਲੇਰ ਸਿੰਘ ਚੀਮਾ
ਭੁਲੱਥ, 24 ਅਕਤੂਬਰ
ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਡਾਲਾ ਦੇ ਵੈਡਿੰਗ ਵਿਲਾ ਦੇ ਖੁੱਲ੍ਹੇ ਅਹਾਤੇ ਵਿਚ ਆਪਣੇ ਸਮਰਥਕਾਂ ਨਾਲ ਵੱਖ-ਵੱਖ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਹੈ।
ਖਹਿਰਾ ਨੇ ਦੋ ਕਿੱਲੋਵਾਟ ਲੋਡ ਵਾਲੇ ਘਰੇੂਲ ਖਪਤਕਾਰਾਂ ਲਈ ਬਿਜਲੀ ਬਿੱਲ ਮੁਆਫੀ ਬਾਰੇ ਦੱਸਦਿਆਂ ਕਿਹਾ ਕਿ ਹਲਕੇ ਦੇ ਦਸ ਹਜ਼ਾਰ ਕੁਨੈਕਸਨ ਹਨ ਤੇ ਖਪਤਕਾਰਾਂ ਨੂੰ 7.5 ਕਰੋੜ ਰੁਪਏ ਦੀ ਰਾਹਤ ਮਿਲੇਗੀ ਤੇ ਉਨ੍ਹਾਂ ਵਲੋਂ ਮੌਕੇ ਤੇ ਅਧਿਕਾਰੀਆਂ ਨੂੰ ਪਹਿਲਾਂ ਨਗਰ ਕੌਂਸਲਾਂ ਅਤੇ ਬਾਅਦ ਵਿੱਚ ਵੱਡੇ ਪਿੰਡਾਂ ਵਿੱਚ ਜਾਂ ਕੇ ਕੈਂਪ ਲਗਾ ਕੇ ਲੋਕਾਂ ਨੂੰ ਰਾਹਤ ਦੇਣ ਲਈ ਹਦਾਇਤਾਂ ਦਿੱਤੀਆਂ।
ਖਹਿਰਾ ਨੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਹਲਕੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨਾਲ ਰਲ ਕੇ ਹਲਕੇ ਵਿੱਚ ਉਨ੍ਹਾਂ ਦਾ ਨੁਕਸਾਨ ਕਰਨ ਲਈ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਤੇ ਫਗਵਾੜਾ ਵਿੱਚ ਵੀ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਰਾਣਾ ਗੁਰਜੀਤ ਸਿੰਘ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਹਲਕੇ ਲਈ ਕੰਮ ਕਰਨ ਦਾ ਪ੍ਰਣ ਦੁਹਰਾਇਆ ਤੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰਾਰ ਦਿੱਤਾ।
ਹਲਕਾ ਭੁਲੱਥ ’ਚ ਰਸਤੇ ਪੱਕੇ ਕਰਨ ਦਾ ਕੰਮ ਆਰੰਭ
ਨਡਾਲਾ: ਹਲਕਾ ਭੁਲੱੱਥ ਵਿਚ ਮਾਰਕੀਟ ਕਮੇਟੀਆਂ ਭੁਲੱੱਥ ਅਤੇ ਢਿਲਵਾਂ ਅਧੀਨ ਖੇਤਰ ਵਿਚ 10 ਕਰੋੜ ਦੀ ਲਾਗਤ ਨਾਲ 37.53 ਕਿਲੋਮੀਟਰ ਕੱਚੇ ਰਸਤਿਆਂ ਨੂੰ ਪੱਕੀਆਂ ਸੜਕਾਂ ਵਿਚ ਬਦਲਣ ਲਈ ਕੰਮ ਆਰੰਭ ਹੋ ਗਿਆਂ ਹੈ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਸਭ ਤੋਂ ਪਹਿਲਾਂ ਇਨ੍ਹਾਂ ਕੱਚੇ ਰਸਤਿਆ ਵਿੱਚ ਸ਼ਾਮਲ ਦੋ ਦਹਾਕਿਆਂ ਤੋਂ ਅਣਗੌਲੇ ਕੱਚੇ ਰਸਤੇ ਵਿੱਚ ਨਡਾਲਾ ਨਿਹਾਲਗੜ੍ਹ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਨਵੀਂਆਂ ਮਨਜ਼ੂਰ ਹੋਈਆਂ ਸੜਕਾਂ ਵਿਚ ਵੱਖ-ਵੱਖ ਪਿੰਡਾਂ ਨੂੰ ਮੇਨ ਸੜਕਾਂ ਤੇ ਡੇਰਿਆਂ ਨੂੰ ਜੋੜਿਆ ਗਿਆ ਹੈ ਜਿਸਦਾ ਕਿਸਾਨਾਂ ਨੂੰ ਆਪਣੀ ਜਿਨਸ ਤੇ ਆਵਾਜਾਈ ਲਈ ਲਈ ਸਮੇਂ ਤੇ ਪੈਸੇ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਧੁੱਸੀ ਬੰਨ੍ਹ ਦੀ ਸੜਕ ਬਣਾਉਣ ਦਾ ਕੰਮ ਵੀ ਆਰੰਭ ਹੋ ਗਿਆ ਹੈ। ਇਸ ਮੌਕੇ ਨਡਾਲਾ ਵੱਲੋਂ ਡਾ ਸੰਦੀਪ ਪਸਰੀਚਾ, ਅਵਤਾਰ ਸਿੰਘ ਵਾਲੀਆ ਤੇ ਨਿਹਾਲਗੜ੍ਹ ਪਿੰਡ ਵਾਸੀਆਂ ਤਰਫੋ ਸਰਪੰਚ ਸੰਤੋਸ਼ ਕੁਮਾਰੀ ਨੇ ਧੰਨਵਾਦ ਕੀਤਾ। ਕਾਬਿਲੇਗੌਰ ਕਿ ਇਸ ਸੜਕ ਨੂੰ ਪੱਕੇ ਕਰਨ ਲਈ 2001 ਵਿੱਚ ਅਕਾਲੀ ਸਰਕਾਰ ਸਮੇਂ ਨੀਹ ਪੱਥਰ ਰੱਖਿਆ ਗਿਆ ਸੀ ਪਰ ਹਾਲੇ ਤੱਕ ਸੜਕ ਨਹੀਂ ਬਣੀ। ਪਿਛਲੇ ਸਾਲ ਨਗਰ ਪੰਚਾਇਤ ਨਡਾਲਾ ਵੱਲੋਂ ਉਸ ਸਮੇਂ ਦੇ ਕਾਂਗਰਸੀ ਆਗੂਆਂ ਦੇ ਉਪਰਾਲੇ ਨਾਲ ਨਡਾਲਾ ਸਕੂਲ ਤੋਂ ਮਾਨਾਂ ਦੇ ਡੇਰਿਆਂ ਤੱਕ ਸੜਕ ਸੀਮੈਟ ਮਲਬਾ ਪਾ ਕੇ ਪੱਕਾ ਕਰ ਦਿੱਤਾ ਸੀ। ਹੁਣ ਅਗਲਾ ਹਿੱਸਾ ਬਣਨ ਨਾਲ ਦੋਵਾਂ ਪਿੰਡਾਂ ਦੇ ਵਾਸੀਆਂ ਤੇ ਕਿਸਾਨਾਂ ਨੂੰ ਵਧੇਰੇ ਲਾਭ ਹੋਵੇਗਾ।