ਦਵਿੰਦਰ ਪਾਲ
ਚੰਡੀਗੜ੍ਹ, 3 ਜੂਨ
ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਵਾਪਰੀ ਦਲ-ਬਦਲੀ ਦੀ ਵੱਡੀ ਘਟਨਾ ਨੇ ਕਾਂਗਰਸ ਅੰਦਰ ਛਿੜੀ ਖਾਨਾਜੰਗੀ ਨੂੰ ਨਵਾਂ ਮੋੜ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਬਾਗੀ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖਾਲਸਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘ਆਪ’ ਦੇ ਤਿੰਨਾਂ ਵਿਧਾਇਕਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸਹਿਮਤੀ ਨਾਲ ਪਾਰਟੀ ’ਚ ਸ਼ਾਮਲ ਕਰਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਸਮੇਂ ਦਿੱਲੀ ’ਚ ਮੀਟਿੰਗਾਂ ਵਿੱਚ ਰੁੱਝੇ ਹੋਏ ਹਨ।
ਪੰਜਾਬ ਕਾਂਗਰਸ ਦੇ ਇੱਕ ਵੱਡੇ ਧੜੇ ਜਿਸ ’ਚ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਦੀ ਬਹੁ ਗਿਣਤੀ ਸ਼ਾਮਲ ਹੈ, ਵੱਲੋਂ ਮੁੱਖ ਮੰਤਰੀ ਵਿਰੁੱਧ ਕੀਤੀ ਜਾ ਰਹੀ ਬਗਾਵਤ ਦੌਰਾਨ ‘ਆਪ’ ਦੇ ਤਿੰਨ ਬਾਗੀ ਵਿਧਾਇਕਾਂ ਦੀ ਸ਼ਮੂਲੀਅਤ ਨੇ ਰਾਜਸੀ ਹਲਕਿਆਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਵਿੱਚ ਭਖੀ ਹੋਈ ਖਾਨਾਜੰਗੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਗੀ ਧੜੇ ਦੀਆਂ ਗਤੀਵਿਧੀਆਂ ਨੂੰ ਪੁੱਠਾ ਮੋੜਾ ਦੇਣ ਲਈ ਇਸ ਘਟਨਾ ਲਈ ਅਜਿਹੇ ਦਿਨ ਦੀ ਚੋਣ ਕੀਤੀ ਹੈ ਜਦੋਂ ਬਾਗੀਆਂ ਨੇ ਸਾਰਾ ਗੁਬਾਰ ਕੱਢ ਲਿਆ ਹੈ। ਕਾਂਗਰਸ ਹਾਈ ਕਮਾਨ ਵੱਲੋਂ ਮਲਿਕਾਰਜੁਨ ਖੜਗੇ, ਜੇਪੀ ਅਗਰਵਾਲ ਅਤੇ ਹਰੀਸ਼ ਰਾਵਤ ’ਤੇ ਆਧਾਰਿਤ ਗਠਿਤ ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਲਈ ਮੁੱਖ ਮੰਤਰੀ ਨਵੀਂ ਦਿੱਲੀ ਰਵਾਨਾ ਹੋਏ ਹਨ।
ਕਾਂਗਰਸ ਆਗੂਆਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਨੇ ‘ਆਪ’ ਦੇ ਵਿਧਾਇਕਾਂ ਦੀ ਸ਼ਮੂਲੀਅਤ ਕਰਵਾ ਕੇ ਹਾਈ ਕਮਾਨ ਨੂੰ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਪੰਜਾਬ ਦੀ ਸਿਆਸਤ ’ਚ ਅੱਜ ਵੀ ਉਹ ਮਕਬੂਲ ਆਗੂ ਹਨ। ਕੈਪਟਨ ਹਮਾਇਤੀਆਂ ਦਾ ਦਾਅਵਾ ਹੈ ਕਿ ‘ਆਪ’ ਵਿਧਾਇਕਾਂ ਦੀ ਕਾਂਗਰਸ ’ਚ ਸ਼ਮੂਲੀਅਤ ਨਾਲ ਮੁੱਖ ਮੰਤਰੀ ਦੀ ਪਾਰਟੀ ਤੇ ਸਰਕਾਰ ’ਤੇ ਪਕੜ ਮਜ਼ਬੂਤ ਹੋਈ ਹੈ ਜਦਕਿ ਬਾਗੀ ਧੜੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਖਾਸ ਅਸਰ ਨਹੀਂ ਪੈਣਾ ਕਿਉਂਕਿ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਦਾ ਇੱਕ ਵੱਡਾ ਹਿੱਸਾ ਪਹਿਲਾਂ ਹੀ ਮੁੱਖ ਮੰਤਰੀ ਖ਼ਿਲਾਫ਼ ਭੁਗਤ ਚੁੱਕਾ ਹੈ।
ਉੱਧਰ ਖੜਗੇ ਕਮੇਟੀ ਨੇ ਅੱਜ ਚੌਥੇ ਦਿਨ ਵੀ ਮੀਟਿੰਗਾਂ ਦਾ ਦੌਰ ਜਾਰੀ ਰੱਖਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕਮੇਟੀ ਨੇ ਅੱਜ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਕੁਝ ਚੋਣਵੇਂ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਤੇ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵੀ ਪੰਜਾਬ ਦੇ ਚੋਣਵੇਂ ਆਗੂਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦਾ ਸਿਲਸਿਲਾ ਜਾਰੀ ਹੈ। ਖੜਗੇ ਕਮੇਟੀ ਵੱਲੋਂ ਅਗਲੇ ਹਫ਼ਤੇ ਤੱਕ ਰਿਪੋਰਟ ਦਿੱਤੇ ਜਾਣ ਦੀ ਸੰਭਾਵਨਾ ਹੈ।
ਖਹਿਰਾ, ਕਮਾਲੂ ਤੇ ਪਿਰਮਲ ਵੱਲੋਂ ਅਸਤੀਫੇ
ਕਾਂਗਰਸ ’ਚ ਸ਼ਾਮਲ ਹੋਣ ਵਾਲੇ ‘ਆਪ’ ਦੇ ਬਾਗੀ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖਾਲਸਾ ਨੇ ਆਪਣੇ ਅਸਤੀਫੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜ ਦਿੱਤੇ ਹਨ। ਖਹਿਰਾ ਭੁਲੱਥ, ਕਮਾਲੂ ਮੌੜ ਮੰਡੀ ਤੇ ਖਾਲਸਾ ਨੇ ਭਦੌੜ ਵਿਧਾਨ ਸਭਾ ਹਲਕੇ ਤੋਂ ਸਾਲ 2017 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤੀ ਸੀ।
ਸੋਚ ਸਮਝ ਕੇ ਕਾਂਗਰਸ ਿਵਚ ਸ਼ਾਮਲ ਹੋਇਆ ਹਾਂ: ਖਹਿਰਾ
ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਕਾਂਗਰਸ ’ਚ ਸ਼ਾਮਲ ਹੋਣ ਦਾ ਫ਼ੈਸਲਾ ਬਹੁਤ ਸੋਚ-ਵਿਚਾਰ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਹਮਖਿਆਲ ਆਗੂਆਂ ਨੂੰ ਇਕੱਠੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚ ਸਕੇ। ਖਹਿਰਾ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਕਾਲੀ ਦਲ ਜਾਂ ਭਾਜਪਾ ’ਚ ਸ਼ਾਮਿਲ ਹੋਣ ਬਾਰੇ ਸੋਚਿਆ ਨਹੀਂ ਜਾ ਸਕਦਾ ਕਿਉਂਕਿ ਇਨ੍ਹਾਂ ਪਾਰਟੀਆਂ ਦਾ ਪੰਜਾਬ, ਕਿਸਾਨ ਅਤੇ ਸਿੱਖ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਦੇ ਲੋਕ ਵੀ ਚਾਹੁੰਦੇ ਸਨ ਕਿ ਉਹ ਦੁਬਾਰਾ ਕਾਂਗਰਸ ਵਿੱਚ ਸ਼ਾਮਿਲ ਹੋਣ ਤਾਂ ਜੋ ਪੰਜਾਬ ਵਿਰੋਧੀ ਪਾਰਟੀਆਂ ਨੂੰ ਜਵਾਬ ਦਿੱਤਾ ਜਾ ਸਕੇ। ਖਹਿਰਾ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਣ ’ਚ ਸੰਕੋਚ ਵੀ ਨਹੀਂ ਕਰਨਗੇ ਜਿਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਉਨ੍ਹਾਂ ਫ਼ੈਸਲਾ ਨਹੀਂ ਲਿਆ।